ਚੰਡੀਗੜ, 4 ਜਨਵਰੀ: ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਸੂਬੇ ਦੀਆਂ ਸਾਰੀਆਂ ਗਊਸ਼ਾਲਾਵਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ ਹੈ।
ਇੱਕ ਪ੍ਰੈਸ ਵਾਰਤਾਲਾਪ ਦੌਰਾਨ ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਕੈਬਨਿਟ ਨੇ ਮੁੱਖ ਮੰਤਰੀ ਸ੍ਰੀ ਚੰਨੀ ਦੀ ਅਗਵਾਈ ਵਿੱਚ ਇਹ ਇਤਿਹਾਸਕ ਫੈਸਲਾ ਲਿਆ ਹੈ। ਇਸ ਕਰਕੇ ਉਹ ਦਿਲ ਦੀ ਗਹਿਰਾਈਆਂ ਤੋਂ ਮੁੱਖ ਮੰਤਰੀ ਦੇ ਧੰਨਵਾਦੀ ਹਨ। ਉਹਨਾਂ ਕਿਹਾ ਕਿ ਸੂਬੇ ਦੀਆਂ ਗਉਸ਼ਾਲਾਵਾਂ ਦੀਆਂ ਬੁਨਿਆਦੀ ਜ਼ਰੂਰਤਾਂ ਦੇ ਹੱਲ ਲਈ ਉਹ ਜਲਦ ਹੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਗਉਸ਼ਾਲਾਵਾਂ ਦੇ ਬਕਾਇਆ ਬਿਜਲੀ ਦੇ ਬਿੱਲ ਮੁਆਫ਼ ਕਰਨ ਲਈ ਕਾਫ਼ੀ ਲੰਬੇ ਸਮੇਂ ਤੋ ਗਉਸ਼ਾਲਾਵਾਂ ਦੇ ਪ੍ਰਬੰਧਕਾਂ ਵਲੋਂ ਮੰਗ ਕੀਤੀ ਜਾ ਰਹੀ ਸੀ। ਹੁਣ ਤੱਕ ਕਈ ਸਰਕਾਰਾਂ ਆਈਆਂ ਅਤੇ ਕਈ ਗਈਆਂ ਪਰ ਕਿਸੇ ਵੀ ਸਰਕਾਰ ਵਲੋਂ ਗਉਸ਼ਾਲਾਵਾਂ ਦੀ ਸਮੱਸਿਆਵਾਂ ਹੱਲ ਕਰਨ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਕਰਕੇ ਸੂਬੇ ਦੀਆਂ ਗਉਸ਼ਾਲਾਵਾਂ ਦਾ ਹਾਲ ਬਹੁਤ ਮਾੜਾ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਚੰਨੀ ਨੇ ਆਹੁਦੇ ਸੰਭਾਲਦੇ ਹੀ ਗਉਸ਼ਾਲਾਵਾਂ ਦੇ ਬਕਾਇਆ ਬਿਜਲੀ ਦੇ ਬਿੱਲ ਮੁਆਫ਼ ਕਰਕੇ ਇਤਿਹਾਸਕ ਫੈਸਲਾ ਲਿਆ ਹੈ ਜੋ ਕਿ ਬਹੁਤ ਜ਼ਿਆਦਾ ਸ਼ਲਾਘਾਯੋਗ ਹੈ।
ਸ੍ਰੀ ਸਚਿਨ ਸ਼ਰਮਾ ਨੇ ਅੱਗੇ ਕਿਹਾ ਕਿ ਗਊ ਮਾਤਾ, ਕੇਵਲ ਹਿੰਦੂ ਧਰਮ ਦੀ ਹੀ ਆਸਥਾ ਦਾ ਪ੍ਰਤੀਕ ਨਹੀਂ ਹੈ ਸਗੋਂ ਸਿੱਖਾਂ ਵਿੱਚ ਵੀ ਇਸ ਦੀ ਮਾਨਤਾ ਹੈ। ਉਹਨਾਂ ਕਿਹਾ ਕਿ ਗਊ ਸੇਵਾ ਕਮਿਸ਼ਨ ਹਮੇਸ਼ਾ ਹੀ ਗਊ ਵੰਸ਼ ਦੀ ਸੇਵਾ ਭਲਾਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਦਾ ਰਹੇਗਾ।