ਭਾਰਤੀ ਅਮਰੀਕੀ ਗੀਤਾ ਗੋਪੀਨਾਥ ਕੌਮਾਂਤਰੀ ਕਰੰਸੀ ਭੰਡਾਰ (ਆਈਐੱਮਐੱਫ) ਦੀ ਫਸਟ ਡਿਪਟੀ ਮੈਨੇਜਿੰਗ ਡਾਇਰੈਕਟਰ ਹੋਵੇਗੀ। ਉਹ ਜਿਓਫ੍ਰੇ ਓਕਾਮੋਟੋ ਦੀ ਜਗ੍ਹਾ ਲਵੇਗੀ। ਆਈਐੱਮਐੱਫ ਵੱਲੋਂ ਵੀਰਵਾਰ ਨੂੰ ਦੱਸਿਆ ਗਿਆ ਕਿ ਓਕਾਮੋਟਾ ਜਲਦ ਹੀ ਆਪਣਾ ਅਹੁਦਾ ਛੱਡ ਦੇਣਗੇ ਜਿਸ ਤੋਂ ਬਾਅਦ ਗੀਤਾ ਗੋਪੀਨਾਥ ਉਨ੍ਹਾਂ ਦੀ ਜਗ੍ਹਾ ਕੰਮਕਾਜ ਸੰਭਾਲਣਗੇ। ਉਹ ਹੁਣ ਤਕ ਆਈਐੱਮਐੱਫ ’ਚ ਤਿੰਨ ਸਾਲ ਤੋਂ ਬਤੌਰ ਚੀਫ ਇਕੋਨਾਮਿਸਟ ਵਜੋਂ ਕੰਮ ਕਰ ਰਹੀ ਸੀ। ਉਹ ਜਨਵਰੀ 2022 ’ਚ ਹਾਰਵਰਡ ਯੂਨੀਵਰਸਿਟੀ ’ਚ ਮੁੜ ਤੋਂ ਪੜ੍ਹਾਉਣ ਦੀ ਤਿਆਰੀ ਕਰ ਰਹੀ ਸੀ ਪਰ ਉਨ੍ਹਾਂ ਨੂੰ ਤਰੱਕੀ ਦੇ ਕੇ ਫਸਟ ਡਿਪਟੀ ਮੈਨੇਜਿੰਗ ਡਾਇਰੈਕਟਰ ਬਣਾਇਆ ਗਿਆ ਹੈ।
ਇਸ ਮੌਕੇ ਆਈਐੱਮਐੱਫ ਦੇ ਮੈਨੇਜਿੰਗ ਡਾਇਰੈਕਟਰ ਕ੍ਰਿਸਟੈਲਿਨਾ ਜਿਓਗ੍ਰੋਵੀਆ ਨੇ ਕਿਹਾ ਕਿ ਗੀਤਾ ਗੋਪੀਨਾਥ ਪਹਿਲੀ ਮਹਿਲਾ ਚੀਫ ਇਕੋਨਾਮਿਸਟ ਸੀ ਤੇ ਸਾਨੂੁੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਹ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ ਤੇ ਹੁਣ ਫਸਟ ਡਿਪਟੀ ਮੈਨੇਜਿੰਗ ਡਾਇਰੈਕਟਰ ਦੇ ਰੂਪ ’ਚ ਕੰਮ ਕਰਨਗੇ। ਗੀਤਾ ਗੋਪੀਨਾਥ ਜਿਓਫ੍ਰੇ ਓਕਾਮੋਟੋ ਦੀ ਜਗ੍ਹਾ ਲੈਣਗੇ ਜੋ ਅਗਲੇ ਸਾਲ ਦੀ ਸ਼ੁਰੂਆਤ ’ਚ ਆਈਐੱਮਐੱਫ ਦਾ ਅਹੁਦਾ ਛੱਡਣ ਜਾ ਰਹੇ ਹਨ।
ਸੱਤਵੀਂ ਸਭ ਤੋਂ ਸ਼ਕਤੀਸ਼ਾਲੀ ਮਹਿਲਾ ਹੈ ਗੀਤਾ
ਫਾਰਚਿਊਨ ਇੰਡੀਆ ਦੀ ਭਾਰਤ ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ, 2021 ਦੀ ਸੂਚੀ ਮੁਤਾਬਕ ਗੀਤਾ ਗੋਪੀਨਾਥ ਸੱਤਵੀਂ ਸਭ ਤੋਂ ਸ਼ਕਤੀਸ਼ਾਲੀ ਔਰਤ ਹੈ। ਗੀਤਾ ਗੋਪੀਨਾਥ ਹੁਣ ਅਮਰੀਕਾ ਦੀ ਵਾਸੀ ਹੈ ਪਰ ਉਨ੍ਹਾਂ ਦਾ ਜਨਮ ਭਾਰਤ ’ਚ ਹੋਇਆ ਸੀ। ਉਨ੍ਹਾਂ ਦਿੱਲੀ ਯੂਨੀਵਰਸਿਟੀ ਦੇ ਲੇਡੀ ਸ਼੍ਰੀਰਾਮ ਕਾਲਜ ਤੋਂ ਅਰਥਸ਼ਾਸਤਰ ’ਚ ਆਨਰਸ ਦੀ ਪੜ੍ਹਾਈ ਕੀਤੀ ਹੈ।