ਬਠਿੰਡਾ,27 ਨਵੰਬਰ – ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਪੰਜਾਬ ਪ੍ਰੋ ਕਬੱਡੀ ਲੀਗ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਮਲੂਕਾ ਵਿਖੇ ਖੇਡੇ ਗਏ । ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਅਤੇ ਸੀਨੀਅਰ ਮੀਤ ਪ੍ਰਧਾਨ ਤਜਿੰਦਰ ਸਿੰਘ ਮਿੱਡੂ ਖੇੜਾ ਦੀ ਅਗਵਾਈ ਵਿਚ ਕਰਵਾਈ ਜਾ ਰਹੀ ਲੀਗ ਵਿੱਚ ਅੱਜ ਬਹੁਤ ਫਸਵੇਂ ਮੁਕਾਬਲੇ ਹੋਏ । ਪਹਿਲੇ ਸੈਮੀ ਫਾਈਨਲ ਵਿੱਚ ਅੰਮ੍ਰਿਤਸਰ ਅਵੈਂਜਰ ਨੇ ਮੁਕਤਸਰ ਮੌਨਸਟਰ ਨੂੰ 55 ਦੇ ਮੁਕਾਬਲੇ 33ਅੰਕਾਂ ਨਾਲ ਮਾਤ ਦਿੱਤੀ । ਕਬੱਡੀ ਲੀਗ ਦੇ ਦੂਜੇ ਸੈਮੀਫਾਈਨਲ ਵਿਚ ਰੋਪੜ ਰੇਂਜਰ ਨੇ ਫ਼ਾਜ਼ਿਲਕਾ ਫਾਰਚੂਨਰ ਨੂੰ 46 ਦੇ ਮੁਕਾਬਲੇ26 ਅੰਕਾਂ ਨਾਲ ਹਰਾਇਆ । ਅੰਮ੍ਰਿਤਸਰ ਅਵੈਂਜਰ ਅਤੇ ਰੋਪੜ ਰੇਂਜਰ ਵਿੱਚ ਹੋਇਆ ਫਾਈਨਲ ਮੁਕਾਬਲਾ ਬਹੁਤ ਹੀ ਦਿਲਚਸਪ ਰਿਹਾ । ਦੋਨਾਂ ਹੀ ਟੀਮਾਂ ਦੇ ਗੱਭਰੂਆਂ ਵੱਲੋਂ ਕਬੱਡੀ ਦੇ ਜਬਰਦਸਤ ਜੌਹਰ ਵਿਖਾਏ ਗਏ ।ਮੁਕਾਬਲਾ ਅਖੀਰ ਤੱਕ ਦਿਲਚਸਪ ਬਣਿਆ ਰਿਹਾ । ਅੰਤ ਵਿੱਚ ਅੰਮ੍ਰਿਤਸਰ ਅਵੈਂਜਰ ਨੇ 44 ਦੇ ਮੁਕਾਬਲੇ 43 ਅੰਕਾਂ ਨਾਲ ਜਿੱਤ ਹਾਸਲ ਕਰਕੇ ਪਹਿਲਾ ਇਨਾਮ ਹਾਸਿਲ ਕੀਤਾ । ਅੰਮ੍ਰਿਤਸਰ ਟੀਮ ਦੇ ਕਪਤਾਨ ਰਾਜਬੀਰ ਸਿੰਘ ਅਤੇ ਰੋਪੜ ਦੇ ਕਪਤਾਨ ਬਲਰਾਜ ਬਿੱਲਾ ਵੱਲੋਂ ਕਬੱਡੀ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ । ਇਸ ਤੋਂ ਇਲਾਵਾ ਇਨ੍ਹਾਂ ਮੁਕਾਬਲਿਆਂ ਵਿੱਚ ਰੇਡਰ ਸਿੰਮੂ ਅਤੇ ਜਾਫੀ ਵਿਜੇ ਕੁਮਾਰ ਵੱਲੋਂ ਵੀ ਵਧੀਆ ਪ੍ਰਦਰਸ਼ਨ ਕੀਤਾ ਗਿਆ । ਸਿਕੰਦਰ ਸਿੰਘ ਮਲੂਕਾ ਤੇ ਕਬੱਡੀ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਅੰਮ੍ਰਿਤਸਰ ਅਵੈਂਜਰ ਨੂੰ ਪਹਿਲੇ ਇਨਾਮ ਵਜੋਂ ਨਗਦ ਰਾਸ਼ੀ 61000 ਹਜ਼ਾਰ ਰੁਪਏ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ । ਰੋਪੜ ਰੇਂਜਰਜ਼ ਨੂੰ ਦੂਜੇ ਇਨਾਮ ਵਜੋਂ 41000 ਰੁਪਏ ਤੇ ਰਨਰਅੱਪ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਅੰਮਿ੍ਤਸਰ ਅਵੈਂਜਰ ਦੇ ਕੋਚ ਹਰਪ੍ਰੀਤ ਸਿੰਘ ਬਾਬਾ ਅਤੇ ਰੋਪੜ ਟੀਮ ਦੇ ਕੋਚ ਅਨਿਲ ਕੁਮਾਰ ਨੂੰ ਵਧਾਈ ਦਿੱਤੀ । ਮਲੂਕਾ ਨੇ ਕਿਹਾ ਕਿ ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਪਹਿਲੀ ਵਾਰ ਕਰਵਾਈ ਗਈ ਪੰਜਾਬ ਪ੍ਰੋ ਕਬੱਡੀ ਲੀਗ ਸਫਲਤਾਪੂਰਵਕ ਸੰਪੰਨ ਹੋਈ ਹੈ । ਇਸ ਤੋਂ ਬਾਅਦ ਐਸੋਸੀਏਸ਼ਨ ਵੱਲੋਂ ਨੈਸ਼ਨਲ ਪੱਧਰ ਦੀ ਲੀਗ ਵੀ ਕਰਵਾਈ ਜਾਵੇਗੀ । ਮਲੂਕਾ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁਰਬ ਤੇ ਕਰਵਾਏ ਜਾ ਰਹੇ ਸੰਸਾਰ ਕੱਪ ਵਿੱਚ ਵੀ ਭਾਰਤੀ ਟੀਮ ਹਿੱਸਾ ਲਵੇਗੀ । ਇਸ ਮੌਕੇ ਅਮਨਪ੍ਰੀਤ ਸਿੰਘ ਮੱਲ੍ਹੀ, ਦਵਿੰਦਰ ਸਿੰਘ ਬੀਹਲਾ, ਬਲਜੀਤ ਸਿੰਘ ਗਿੱਲ ਬਰਨਾਲਾ, ਰਾਜਵਿੰਦਰ ਸਿੰਘ ਰਾਜੂ, ਸੁਰਜੀਤ ਸਿੰਘ, ਜਨਕ ਰਾਜ, ਗੁਰਪ੍ਰੀਤ ਸਿੰਘ ਨਥਾਣਾ, ਹਰਜਿੰਦਰ ਸਿੰਘ, ਸਾਧੂ ਸਿੰਘ ਬਰਾੜ, ਜਸਬੀਰ ਸਿੰਘ ਬਰਾੜ, ਹਰਜੀਤ ਸਿੰਘ ਮਲੂਕਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਰਤਨ ਸ਼ਰਮਾ ਮਲੂਕਾ ਹਾਜ਼ਰ ਸਨ।