ਸ੍ਰੀ ਮੁਕਤਸਰ ਸਾਹਿਬ, 20 ਨਵੰਬਰ – ਆਏ ਦਿਨ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹੋ ਜਿਹੀ ਹੀ ਘਟਨਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਹੂਆਣਾ ਵਿਖੇ ਵਾਪਰੀ। ਜਿਥੇ ਇੱਕ ਪਿਉ ਵੱਲੋਂ ਆਪਣੀ ਹੀ ਧੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਸਮਾਚਾਰ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਸਾਬਕਾ ਸਰਪੰਚ ਅਮਰਜੀਤ ਸਿੰਘ ਦੇ ਪੁੱਤਰ ਗੁਰਸਿੱਖ ਅਤੇ ਉੱਘੇ ਅਕਾਲੀ ਵਰਕਰ ਜਗਵਿੰਦਰ ਸਿੰਘ ਜੱਗੀ ਦੀ ਮਾਤਾ ਕੁਲਦੀਪ ਕੌਰ ਅਤੇ ਪਤਨੀ ਰਵਨੀਤ ਕੌਰ ਦਾ ਕੋਰੋਨਾ ਕਾਰਨ ਮਈ ਮਹੀਨੇ ਵਿਚ ਦੇਹਾਂਤ ਹੋ ਗਿਆ ਸੀ।
ਇਸ ਕਾਰਨ ਜਗਵਿੰਦਰ ਸਿੰਘ ਜੱਗੀ ਅਤੇ ਉਸਦੀ ਧੀ ਵਿਸ਼ਵਦੀਪ ਸਦਮੇ ਵਿੱਚ ਸਨ। ਜੱਗੀ ਵੱਲੋਂ ਆਪਣੇ ਭਾਣਜੇ ਅਨਮੋਲ ਨੂੰ ਕੰਮਕਾਜ ਲਈ ਆਪਣੇ ਕੋਲ ਰੱਖਿਆ ਹੋਇਆ ਸੀ।
ਜੱਗੀ ਵੱਲੋਂ ਆਪਣੇ ਭਾਣਜੇ ਨੂੰ ਧਾਰਾਂ ਕੱਢਣ ਲਈ ਭੇਜਿਆ ਗਿਆ ਅਤੇ ਇਸ ਦੌਰਾਨ ਉਸ ਵੱਲੋਂ ਵਿਸ਼ਵਦੀਪ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਅਤੇ ਫਿਰ ਆਪਣੇ ਸਿਰ ਵਿਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਜਗਵਿੰਦਰ ਸਿੰਘ ਜੱਗੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦੀ ਧੀ ਵਿਸ਼ਵਦੀਪ ਕੌਰ ਦੀ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੁਝ ਘੰਟਿਆਂ ਬਾਅਦ ਮੌਤ ਹੋਣ ਦਾ ਸਮਾਚਾਰ ਹੈ। ਇਸ ਘਟਨਾ ਦੇ ਪਿੱਛੇ ਦੇ ਠੋਸ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਹੋਈ ਇਸ ਘਟਨਾ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੋਹੇਂ ਪਿਓ ਧੀ ਦੇ ਅੰਤਿਮ ਸੰਸਕਾਰ ਲਈ ਪਿੰਡ ਮਾਹੂਆਣਾ ਪੁੱਜੇ । ਜ਼ਿੱਥੇ ਉਹਨਾਂ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨਾਲ ਦੁੱਖ ਸਾਂਝਾ ਕੀਤਾ।