ਚੰਡੀਗੜ੍ਹ, 03 ਨਵੰਬਰ: ਪੰਜਾਬ ਸਰਕਾਰ ਵੱਲੋਂ ਕਿਰਤ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਦੀਵਾਲੀ ਦੇ ਮੌਕੇ ਉਸਾਰੀ ਕਾਮਿਆਂ ਨੂੰ 3100 ਰੁਪਏ ਦੀ ਵਿੱਤੀ ਮਦਦ ਦੇਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ ਹੈ।
ਅੱਜ ਇਥੇ ਜਾਰੀ ਬਿਆਨ ਵਿੱਚ ਸ. ਗਿਲਜੀਆਂ ਨੇ ਕਿਹਾ ਕਿ ਅਸੀਂ ਦੋ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਦੇ ਬੋਰਡ ਆਫ਼ ਕੰਸਟ੍ਰਕਸ਼ਨ ਵਰਕਰ ਕੋਲ ਰਜਿਸਟਰਡ ਉਸਾਰੀ ਕਾਮਿਆਂ ਨੂੰ ਦੀਵਾਲੀ ਦੇ ਮੌਕੇ ਤੇ ਵਿੱਤੀ ਮਦਦ ਦੇਣ ਲਈ ਪ੍ਰਸਤਾਵ ਤਿਆਰ ਕਰਨ ਦਾ ਕਾਰਜ ਅਰੰਭਿਆ ਸੀ ਅਤੇ ਬੀਤੀ ਰਾਤ ਹੀ ਇਹ ਫ਼ਾਇਲ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੋਂ ਮੰਨਜ਼ੂਰੀ ਲਈ ਭੇਜੀ ਗਈ ਸੀ।
ਉਨ੍ਹਾਂ ਦੱਸਿਆ ਕਿ ਇਸ ਫ਼ਾਇਲ ਸਬੰਧੀ ਅੱਜ ਸਵੇਰੇ 10 ਵਜੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕੀਤੀ ਅਤੇ ਇਸ ਸਬੰਧੀ ਜਾਣੂ ਕਰਵਾਇਆ ਜਿਸ ਤੇ ਮੁੱਖ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਇਸ ਫ਼ਾਇਲ ਨੂੰ ਤੁਰੰਤ ਕਲੀਅਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਲਾਭਪਾਤਰੀਆਂ ਦੇ ਖਾਤੇ ਵਿੱਚ ਅੱਜ ਸ਼ਾਮ ਤੋਂ ਪੈਣੀਂ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਕਿਹਾ ਪੰਜਾਬ ਦੇਸ਼ ਦਾ ਇਕੋ-ਇਕ ਸੂਬਾ ਹੈ ਜਿਸ ਨੇ ਉਸਾਰੀ ਕਾਮਿਆਂ ਨੂੰ ਬੀਤੇ ਇਕ ਵਰ੍ਹੇ ਦੋਰਾਨ ਸਭ ਤੋਂ ਜ਼ਿਆਦਾ ਵਿੱਤੀ ਮਦਦ ਦਿੱਤੀ ਹੈ।
ਸ. ਗਿਲਜੀਆਂ ਨੇ ਕਿਹਾ ਪੰਜਾਬ ਸਰਕਾਰ ਉਸਾਰੀ ਕਾਮਿਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਉਸਾਰੀ ਕਾਮਿਆਂ ਦੀ ਭਲਾਈ ਵਾਲੀਆਂ ਕਈ ਹੋਰ ਸਕੀਮਾਂ ਵੀ ਸ਼ੁਰੂ ਕਰੇਗੀ।