ਭਗਤਾ ਭਾਈ ਕਾ (ਬਠਿੰਡਾ): ਦੇਸ਼ ਦੀ ਖੇਡ ਨੀਤੀ ਘਾੜਿਆਂ ਨੂੰ ਸਿਰ ਜੋੜ ਬੈਠਣ ਦੀ ਜ਼ਰੂਰਤ ਹੈ ਤੇ ਕ੍ਰਿਕਟ ਦੇ ਨਾਲ ਨਾਲ ਦੂਜੀਆਂ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਪੰਚਾਇਤ ਮੰਤਰੀ ਅਤੇ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਦੁਬਈ ਵਿਖੇ ਚਲ ਰਹੇ ਕ੍ਰਿਕਟ ਦੇ 20=20 ਸੰਸਾਰ ਕੱਪ ਵਿਚ ਭਾਰਤੀ ਟੀਮ ਦੀ ਪਾਕਿਸਤਾਨ ਅਤੇ ਨਿਊਜ਼ੀਲੈਂਡ ਹੱਥੋਂ ਹੋਈਸ਼ਰਮਨਾਕ ਹਾਰ ਤੇ ਗੱਲਬਾਤ ਕਰਦਿਆਂ ਕੀਤਾ।
ਮਲੂਕਾ ਨੇ ਕਿਹਾ ਕਿ ਕਿਸੇ ਵੀ ਖੇਡ ਨੂੰ ਹਮੇਸ਼ਾ ਖੇਡ ਭਾਵਨਾ ਨਾਲ ਤੇ ਦੇਸ਼ ਪ੍ਰਤੀ ਜਜ਼ਬੇ ਨਾਲ ਖੇਡਣਾ ਚਾਹੀਦਾ ਹੈ l ਜਿੱਤ ਹਾਰ ਹਰ ਖੇਡ ਦਾ ਹਿੱਸਾ ਹੁੰਦੀ ਹੈ ਤੇ ਜਿੱਤ ਹਾਰ ਨੂੰ ਹਮੇਸ਼ਾ ਖਡ਼੍ਹੇ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ। ਮਲੂਕਾ ਨੇ ਕਿਹਾ ਕਿ ਪਾਕਿਸਤਾਨ ਅਤੇ ਨਿਊਜ਼ੀਲੈਂਡ ਨਾਲ ਹੋਏ ਮੈਚਾਂ ਵਿੱਚ ਭਾਰਤੀ ਟੀਮ ਦੇ ਖਿਡਾਰੀਆਂ ਵਿੱਚ ਜਜ਼ਬੇ ਅਤੇ ਜੋਸ਼ ਦੀ ਕਮੀ ਸਾਫ਼ ਨਜ਼ਰ ਆ ਰਹੀ ਸੀ l ਦੋਨਾਂ ਮੁਕਾਬਲਿਆਂ ਵਿੱਚ ਇਕ ਤਰਫ਼ਾ ਸ਼ਰਮਨਾਕ ਹਾਰ ਨੂੰ ਹਜ਼ਮ ਕਰਨਾ ਔਖਾ ਹੈ। ਵੱਡੀਆਂ ਹਾਰਾਂ ਤੇ ਪੜਚੋਲ ਕਰਨ ਦੀ ਲੋੜ ਹੁੰਦੀ ਹੈ।
ਮਲੂਕਾ ਨੇ ਕਿਹਾ ਕਿ ਅਸਲ ਵਿੱਚ ਆਈਪੀਐਲ ਨੇ ਕ੍ਰਿਕਟ ਦੀ ਖੇਡ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਖੇਡ ਦੇ ਵਪਾਰੀਕਰਨ ਹੋਣ ਨਾਲ ਖੇਡ ਭਾਵਨਾ ਤੇ ਜਜ਼ਬੇ ਨੂੰ ਢਾਹ ਲੱਗੀ ਹੈ। ਵੱਡੇ ਵੱਡੇ ਘਰਾਣਿਆਂ ਦੇ ਕ੍ਰਿਕਟ ਨਾਲ ਜੁੜਨ ਨਾਲ ਖਿਡਾਰੀ ਅਰਬਪਤੀ ਹੋ ਗਏ ਹਨ ਤੇ ਖਿਡਾਰੀਆਂ ਵਿੱਚ ਦੇਸ਼ ਦੀ ਟੀਮ ਵਿੱਚ ਜਗ੍ਹਾ ਬਣਾਉਣ ਅਤੇ ਦੇਸ਼ ਲਈ ਖੇਡਣ ਦੀ ਭਾਵਨਾ ਖ਼ਤਮ ਹੁੰਦੀ ਜਾ ਰਹੀ ਹੈ। ਇਸ ਤੋਂ ਇਲਾਵਾ ਵੱਡੇ ਘਰਾਂ ਵੱਲੋਂ ਖੇਡ ਤੋਂ ਪਹਿਲਾਂ ਆਪਣੇ ਨਿਜੀ ਹਿੱਤਾਂ ਦੀ ਪੂਰਤੀ ਲਈ ਲਏ ਜਾਣ ਵਾਲੇ ਕਈ ਫ਼ੈਸਲਿਆਂ ਨਾਲ ਖੇਡ ਭਾਵਨਾ ਪ੍ਰਭਾਵਤ ਹੁੰਦੀ ਹੈ। ਮਲੂਕਾ ਨੇ ਕਿਹਾ ਕਿ ਦੇਸ਼ ਦੇ ਖੇਡ ਨੀਤੀ ਘਾੜਿਆਂ ਨੂੰ ਚਾਹੀਦਾ ਹੈ ਕਿ ਕ੍ਰਿਕਟ ਦੇ ਨਾਲ ਨਾਲ ਦੂਜੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਯੋਜਨਾਵਾਂ ਉਲੀਕੀਆਂ ਜਾਣ।