ਬਠਿੰਡਾ: ਸਿਵਲ ਹਸਪਤਾਲ ਰਾਮਪੁਰਾ ਵਿੱਚੋਂ 30000 ਨਸ਼ੀਲੀਆਂ ਗੋਲੀਆਂ ਦੇ ਗਾਇਬ ਹੋਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ l ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਰਾਮਪੁਰਾ ਵਿੱਚੋਂ ਨਸ਼ਾ ਛੁਡਾਉਣ ਲਈ ਨਸ਼ਾ ਪੀੜਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਤੀਹ ਹਜ਼ਾਰ ਗੋਲੀਆਂ ਦੇ ਗਾਇਬ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇਸ ਮਾਮਲੇ ਵਿੱਚ ਸਿਆਸੀ ਪੁਸ਼ਤ ਪਨਾਹੀ ਦੇ ਦੋਸ਼ ਲਾਏ ਹਨ।
ਮਲੂਕਾ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਅਤੇ ਹਸਪਤਾਲ ਪ੍ਰਸ਼ਾਸਨ ਇਸ ਮਾਮਲੇ ਨੂੰ ਕਿਸੇ ਸੇਵਾਦਾਰ ਜਾਂ ਛੋਟੇ ਮੁਲਾਜ਼ਮ ਦੇ ਸਿਰ ਮੜ੍ਹ ਕੇ ਖੁਰਦ ਬੁਰਦ ਕਰਨਾ ਚਾਹੁੰਦੇ ਹਨ। ਇੰਨੀ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਨੂੰ ਗਾਇਬ ਕਰਨਾ ਕਿਸੇ ਸੇਵਾਦਾਰ ਦੇ ਵੱਸ ਦੀ ਗੱਲ ਨਹੀਂ। ਹਲਕੇ ਦੇ ਕਿਸੇ ਵੱਡੇ ਸਿਆਸੀ ਕਾਂਗਰਸੀ ਆਗੂ ਦੀ ਸ਼ਹਿ ‘ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ।
ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਲਗਾਤਾਰ ਇਨ੍ਹਾਂ ਗੋਲੀਆਂ ਸੰਬੰਧੀ ਕੰਪਿਊਟਰ ਵਿੱਚ ਨਸ਼ਾ ਪੀਡ਼ਤਾਂ ਦੇ ਕਾਰਡ ਅਤੇ ਗੋਲੀਆਂ ਦੇਣ ਸਬੰਧੀ ਜਾਣਕਾਰੀ ਦਰਜ ਕੀਤੀ ਜਾਂਦੀ ਰਹੀ, ਪਰ ਇਹ ਗੋਲੀਆਂ ਅਸਲ ਵਿੱਚ ਹਸਪਤਾਲ ਵੱਲੋਂ ਲੋੜਵੰਦਾਂ ਨੂੰ ਨਾ ਦੇ ਕੇ ਸਿਆਸੀ ਸ਼ਹਿ ਤੇ ਖੁਰਦ ਬੁਰਦ ਕੀਤੀਆਂ ਗਈਆਂ ਹਨ।
ਮਲੂਕਾ ਨੇ ਇਨ੍ਹਾਂ ਗੋਲੀਆਂ ਦਾ ਆਉਣ ਵਾਲੀਆਂ ਚੋਣਾਂ ਵਿਚ ਇਸਤੇਮਾਲ ਕਰਨ ਦਾ ਵੀ ਖਦਸ਼ਾ ਜ਼ਾਹਿਰ ਕੀਤਾ। ਮਲੂਕਾ ਨੇ ਦੋਸ਼ ਲਗਾਇਆ ਕਿ ਪਿਛਲੇ ਚਾਰ ਪੰਜ ਸਾਲਾਂ ਤੋਂ ਹਲਕਾ ਰਾਮਪੁਰਾ ਫੂਲ ਵਿੱਚ ਪਿੰਡ-ਪਿੰਡ ਵਿਚ ਧੜੱਲੇ ਨਾਲ ਨਸ਼ਾ ਵੇਚਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਕਈ ਵਾਰ ਸ਼ਿਕਾਇਤ ਕੀਤੇ ਜਾਣ ਤੇ ਵੀ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ । ਹਲਕਾ ਰਾਮਪੁਰਾ ਫੂਲ ਤੋਂ ਇਲਾਵਾ ਪੂਰੇ ਸੂਬੇ ਵਿਚ ਕਾਂਗਰਸੀਆਂ ਦੀ ਸਿਆਸੀ ਸ਼ਹਿ ‘ਤੇ ਹੀ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾ ਹੈ।
ਇਸ ਤੋਂ ਪਹਿਲਾਂ ਸੂਬੇ ਦੇ ਸਾਬਕਾ ਸਿਹਤ ਮੰਤਰੀ ਤੇ ਵੀ ਲੱਖਾਂ ਦੀ ਗਿਣਤੀ ਵਿੱਚ ਨਸ਼ੀਲੀਆਂ ਗੋਲੀਆਂ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਛੋਟੇ ਮੁਲਾਜ਼ਮਾਂ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਲੂਕਾ ਨੇ ਕਿਹਾ ਕਿ ਉਹ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦੇ ਹਨ ਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਜੇਕਰ ਸਿਆਸੀ ਦਬਾਅ ਹੇਠ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਹਸਪਤਾਲ ਅਤੇ ਥਾਣਿਆਂ ਦਾ ਘਿਰਾਓ ਕਰੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਸ਼ਹਿਰੀ ਪ੍ਰਧਾਨ ਸੱਤਪਾਲ ਗਰਗ ਗੁਰਤੇਜ ਸ਼ਰਮਾ ਸੁਰਿੰਦਰ ਜੌੜਾ ਨਰੇਸ਼ ਕੁਮਾਰ ਸੀਏ ਹੈਪੀ ਬਾਂਸਲ ਪ੍ਰਿੰਸ ਨੰਦਾ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਹਾਜ਼ਰ ਸਨ