ਬਠਿੰਡਾ: ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੇ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਸ੍ਰੀ ਸਿਧਾਰਥ ਚਟੋਪਾਧਿਆਏ ਆਈਪੀਐਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਂਟਰਲ ਵਿਜੀਲੈਂਸ ਕਮਿਸ਼ਨ ਵੱਲੋਂ ਉਲੀਕੇ ਪ੍ਰੋਗਰਾਮ ਅਧੀਨ ਰਾਜ ਵਿਚ ਵਿਜੀਲੈਂਸ ਜਾਗਰੂਕਤਾ ਹਫਤਾ 26 ਅਕਤੂਬਰ ਤੋਂ ਪਹਿਲੀ ਨਵੰਬਰ ਤੱਕ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਇੱਥੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਅਧੀਨ ਈ-ਵੈਬਨਾਰ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਵਿਜੀਲੈਂਸ ਵਿਭਾਗ ਦੇ ਕਰਮਚਾਰੀਆਂ ਵਲੋਂ ਭਾਗ ਲਿਆ ਗਿਆ।
ਇਸ ਸਬੰਧੀ ਹੋਏ ਸਮਾਗਮ ਦੌਰਾਨ ਐਸਐਸਪੀ ਵਿਜੀਲੈਂਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਸ ਹਫਤੇ ਦੌਰਾਨ ਵੱਧ ਤੋਂ ਵੱਧ ਸੈਮੀਨਰ ਲਗਵਾ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਸਰਕਾਰੀ ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ ਜਾਂ ਕਿਸੇ ਨੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਜਾਂ ਕੋਈ ਵਿਅਕਤੀ ਕਿਸੇ ਕੰਮ ਵਿੱਚ ਘਪਲੇਬਾਜੀ ਕਰ ਰਿਹਾ ਹੈ ਜਾਂ ਫਿਰ ਰਿਕਾਰਡ ਦੀ ਭੰਨਤੋੜ ਕਰ ਰਿਹਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਵਿਜੀਲੈਂਸ ਵਿਭਾਗ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਸਬੰਧੀ ਵਿਜੀਲੈਸ ਬਿਊਰੋ ਨੂੰ ਸਿੱਧੇ ਜਾਂ ਗੁਪਤ ਤੌਰ ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ, ਅਤੇ ਉਸ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਪੰਜਾਬ ਵਿਚ ਵਿਜੀਲੈਂਸ ਬਿਊਰੋ ਦੇ ਮੁਖੀ ਦੇ ਆਦੇਸ਼ਾਂ ਅਨੁਸਾਰ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ ਅਤੇ ਇਸ ਮੁਹਿੰਮ ਨੂੰ ਹੁਣ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਚਰਨਜੀਤ ਸਿੰਘ ਚੰਨੀ ਦੇ ਹੁਕਮਾਂ ਤਹਿਤ ਪਹਿਲਾਂ ਨਾਲੋਂ ਵੀ ਵੱਧ ਕਾਰਗਾਰ ਬਨਾਉਣ ਲਈ ਹੁਣ ਬੇਹੱਦ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਡਾ. ਭਾਰਗਵ ਨੇ ਵਿਜੀਲੈਂਸ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚ ਕੁੱਦਣ ਲਈ ਸੁੰਹ ਚੁਕਾਈ ਅਤੇ ਸੰਕਲਪ ਲਿਆ ਕਿ ਭਿ੍ਸ਼ਟਾਚਾਰ ਦੇ ਖਾਤਮੇ ਲਈ ਉਹ ਹਰ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਮੱਸਿਆ ਦੀ ਗੰਭੀਰਤਾ ਦਾ ਅਹਿਸਾਸ ਕੀਤਾ ਹੈ ਅਤੇ ਭਿ੍ਸ਼ਟਾਚਾਰ ਨੂੰ ਰੋਕਣ ਲਈ ਪੜਤਾਲੀਆ ਕਮੇਟੀਆਂ ਬਣਾਈਆਂ ਗਈਆਂ ਹਨ ਅਤੇ ਇਸ ਵਿਰੁੱਧ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ, ਜਿਸ ਕਰਕੇ ਇਸ ਨੂੰ ਜੜੋਂ ਖਤਮ ਕਰਨ ਲਈ ਆਮ ਲੋਕ ਤੇ ਸਮਾਜ ਸੇਵੀਆਂ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਹੋਰ ਪੱਕੇ ਪੈਰੀਂ ਕਰਨ ਲਈ ਬਠਿੰਡਾ, ਮਾਨਸਾ, ਮੁਕਤਸਰ ਸਾਹਿਬ ਵਿਖੇ ਭਿ੍ਸ਼ਟਾਚਾਰ ਵਿਰੋਧੀ ਸੈਮੀਨਾਰ ਕਰਵਾਏ ਜਾਣਗੇ, ਮੈਰਾਥਨ ਦੌੜ, ਸਾਈਕਲ ਰੈਲੀ, ਸਮਾਜਿਕ ਸੰਦੇਸ਼ ਦਿੱਤੇ ਜਾਣਗੇ ਅਤੇ ਪਿੰਡਾਂ ਵਿਚ ਗ੍ਰਾਮ ਸਭਾਵਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਕੂਲਾਂ ਕਾਲਜਾਂ ਵਿੱਚ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਏ ਜਾਣਗੇ । ਉਨ੍ਹਾਂ ਕਿਹਾ ਕਿ ਭਿ੍ਸ਼ਟਾਚਾਰ ਦੀ ਲਾਹਨਤ ਨੂੰ ਦੂਰ ਕਰਨ ਲਈ ਹਰ ਉਪਰਾਲਾ ਕੀਤਾ ਜਾਵੇਗਾ।