ਲੁਧਿਆਣਾ, 16 ਅਕਤੂਬਰ – ਗਿਆਸਪੁਰਾ ਮੈਦਾਨ ‘ਚ ਸ਼ੁੱਕਰਵਾਰ ਸ਼ਾਮ ਨੂੰ ਦੁਸਹਿਰੇ ਦੇ ਮੇਲੇ ਦੌਰਾਨ ਮਾਹੌਲ ਮਾਤਮ ‘ਚ ਬਦਲ ਗਿਆ। ਮੇਲੇ ‘ਚ ਝੂਲੇ ਤੋਂ ਡਿੱਗ ਕੇ 8 ਸਾਲਾ ਬੱਚੇ ਕੁਸ਼ਮਪ੍ਰਰੀਤ ਸਿੰਘ ਦੀ ਦਰਦਨਾਕ ਮੌਤ ਹੋ ਗਈ। ਬੱਚਾ ਝੂਲੇ ‘ਚ ਆਪਣੀ ਵੱਡੀ ਭੈਣ ਦੀ ਗੋਦ ‘ਚ ਬੈਠਾ ਸੀ। ਹਾਦਸੇ ਦੌਰਾਨ ਉਹ ਵੀ ਝੂਲੇ ਤੋਂ ਡਿੱਗ ਗਈ ਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਥਾਣਾ ਸਾਹਨੇਵਾਲ ਅਧੀਨ ਆਉਂਦੀ ਕੰਗਨਵਾਲ ਚੌਕੀ ਦੀ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਈਐੱਸਆਈ ਹਸਪਤਾਲ ‘ਚ ਮੋਰਚਰੀ ‘ਚ ਰਖਵਾ ਦਿੱਤਾ ਹੈ, ਪੋਸਟਮਾਰਟਮ ਅੱਜ ਸ਼ਨੀਵਾਰ ਨੂੰ ਕੀਤਾ ਜਾਵੇਗਾ।
ਥਾਣਾ ਮੁਖੀ ਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੱਚਾ ਸ਼ਿਮਲਾਪੁਰੀ ਦੇ ਗੁਰੂ ਗੋਬਿੰਦ ਸਿੰਘ ਨਗਰ ਦੀ ਗਲੀ ਨੰਬਰ-2 ਦਾ ਰਹਿਣ ਵਾਲਾ ਸੀ, ਉਸ ਦੇ ਪਿਤਾ ਦਾ ਨਾਂ ਮਨਦੀਪ ਸਿੰਘ ਹੈ ਅਤੇ ਉਹ ਇਕ ਫੈਕਟਰੀ ‘ਚ ਕੰਮ ਕਰਦਾ ਹੈ। ਬੱਚਾ ਆਪਣੀ ਮਾਂ ਤੇ ਤਿੰਨ ਭੈਣਾਂ ਦੇ ਨਾਲ ਸ਼ੁੱਕਰਵਾਰ ਨੂੰ ਮੇਲਾ ਦੇਖਣ ਲਈ ਗਿਆਸਪੁਰਾ ਮੈਦਾਨ ‘ਚ ਆਇਆ ਸੀ। ਸ਼ਾਮ ਕਰੀਬ ਸਾਢੇ 6 ਵਜੇ ਉਹ ਬ੍ਰੇਕ ਡਾਂਸ ਝੂਲਾ ਝੂਲਣ ਚਲੇ ਗਏ। ਇਸ ਦੌਰਾਨ ਉਹ ਆਪਣੀ 18 ਸਾਲਾ ਭੈਣ ਦੇ ਨਾਲ ਝੂਲੇ ‘ਚ ਬੈਠ ਗਿਆ ਤੇ ਪਹਿਲੇ ਹੀ ਚੱਕਰ ‘ਚ ਉਹ ਹੇਠਾਂ ਡਿੱਗ ਗਏ। ਗੰਭੀਰ ਹਾਲਾਤ ‘ਚ ਉਸ ਨੂੰ ਨੇੜੇ ਦੇ ਹਸਪਤਾਲ ‘ਚ ਲਿਜਾਇਆ ਗਿਆ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਝੂਲੇ ਵਾਲੇ ਨੇ ਕਿਹਾ ਕਿ ਉਸ ਨੇ ਬੱਚੇ ਉਮਰ ਘੱਟ ਹੋਣ ਦੇ ਕਾਰਨ ਉਸ ਨੂੰ ਝੂਲੇ ‘ਤੇ ਬੈਠਣ ਲਈ ਮਨ੍ਹਾ ਕੀਤਾ ਸੀ। ਪਰ ਉਸ ਦੀ ਮਾਂ ਨੇ ਕਿਹਾ ਕਿ ਉਹ ਬੱਚੇ ਨੂੰ ਆਪਣਾ ਗੋਦ ‘ਚ ਬਿਠਾ ਲਵੇਗੀ। ਇਕ ਵਾਰ ਝੂਲਾ ਝੂਲਣ ਤੋਂ ਬਾਅਦ ਬੱਚਾ ਦੂਜੀ ਵਾਰ ਝੂਲੇ ‘ਤੇ ਬੈਠਣ ਦੀ ਜ਼ਿੱਦ ਕਰਨ ਲੱਗਾ। ਇਸ ਵਾਰ ਬੱਚੇ ਨੂੰ ਉਸ ਦੀ ਭੈਣ ਨੇ ਆਪਣੀ ਗੋਦ ‘ਚ ਬਿਠਾ ਲਿਆ। ਇਸ ਵਾਰ ਨਾ ਤਾਂ ਉਸ ਦੀ ਭੈਣ ਨੇ ਚੇਅਰ ਨੂੰ ਫੜਿਆ ਤੇ ਨਾ ਹੀ ਬੱਚੇ ਨੂੰ, ਜਿਸ ਕਾਰਨ ਪਹਿਲੇ ਹੀ ਚੱਕਰ ‘ਚ ਉਹ ਬੈਲੇਂਸ ਵਿਗੜਨ ਕਾਰਨ ਉਹ ਡਿੱਗ ਗਏ।ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਝੂਲੇ ਵਾਲੇ ਦੀ ਕੋਈ ਵੀ ਲਾਪਰਵਾਹੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਪਰਿਵਾਰ ਦੇ ਬਿਆਨ ਦਰਜ ਕੀਤੇ ਜਾਣੇ ਬਾਕੀ ਹਨ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।