ਬਠਿੰਡਾ: ਲੰਮੇ ਸਮੇਂ ਤੋਂ ਸਹਿਕਾਰਤਾ ਮੁਹਿੰਮ ਨਾਲ ਜੁੜੇ ਇਫਕੋ ਦੇ ਚੇਅਰਮੈਨ ਬਲਵਿੰਦਰ ਸਿੰਘ ਨਕੱਈ ਨੇ ਸੋਮਵਾਰ ਦੀ ਦੇਰ ਰਾਤ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਏ। ਬਲਵਿੰਦਰ ਸਿੰਘ ਨਕੱਈ ਜਿਥੇ ਇਫਕੋ ਦੇ ਚੇਅਰਮੈਨ ਰਹੇ, ਉਥੇ ਕ੍ਰਿਭਕੋ ਅਤੇ ਮਾਰਕਫੈਡ ਅਤੇ ਹੋਰ ਸਹਿਕਾਰੀ ਸੰਸਥਾਵਾਂ ਜੋ ਕਿਸਾਨੀ ਦੇ ਵਿਕਾਸ ਲਈ ਕੰਮ ਕਰਦੀਆਂ ਸਨ, ਉਨ੍ਹਾਂ ਨਾਲ ਜੁੜੇ ਰਹੇ।
ਸਹਿਕਾਰਤਾ ਮੁਹਿੰਮ ਵਿੱਚ ਆਪਣੇ ਸਫਰ ਦੌਰਾਨ ਉਹ ਚੌਧਰੀ ਬਲਰਾਮ ਜਾਖੜ ਦੇ ਵੀ ਬਹੁਤ ਕਰੀਬੀ ਰਹੇ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਰਾਮਪੁਰਾ ਫੂਲ ਵਿਖੇ ਕੀਤਾ ਗਿਆ ਅਤੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਜਗਦੀਪ ਸਿੰਘ ਨਕੱਈ ਸਾਬਕਾ ਪਾਰਲੀਮਾਨੀ ਸਕੱਤਰ ਵਿਖਾਈ ਗਈ।
ਸ. ਨਕੱਈ ਦੇ ਰੁਤਬੇ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਹੋਇਆਂ ਆਪਣੇ-ਅਪਣੇ ਟਵਿੱਟਰ ਖਾਤੇ ‘ਤੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ।
ਬਲਵਿੰਦਰ ਸਿੰਘ ਨਕੱਈ ਦੀ ਮੌਤ ਨਾਲ, ਸਹਿਕਾਰਤਾ ਮੁਹਿੰਮ ਨੂੰ ਜਿਥੇ ਵੱਡਾ ਝਟਕਾ ਲੱਗਿਆ ਹੈ, ਉਥੇ ਪਰਿਵਾਰ ਲਈ ਵੀ ਇੱਕ ਅਸਹਿ ਦੁੱਖ ਹੈ। ਅੱਜ ਉਨ੍ਹਾਂ ਦੇ ਅੰਤਿਮ ਸਸਕਾਰ ‘ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਇਲਾਕੇ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਹਾਜ਼ਰੀ ਲਵਾਈ।
ਜਗਦੀਪ ਸਿੰਘ ਨਕਈ ਨੇ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਆਏ ਸਨੇਹੀਆਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ।