ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਕੋਰੋਨਾ ਵੈਕਸੀਨ ਪ੍ਰਕਿਰਿਆ ਜਾਰੀ ਹੈ। ਹੁਣ ਤੱਕ ਲੱਖਾਂ ਲੋਕਾਂ ਨੇ ਵੈਕਸੀਨ ਦੀਆਂ ਖੁਰਾਕਾਂ ਪ੍ਰਾਪਤ ਕਰ ਲਈਆਂ ਹਨ। ਦੇਸ਼ ਵਿੱਚ ਕੋਰੋਨਾ ਵੈਕਸੀਨ ਪ੍ਰਾਪਤ ਕਰਨ ਤੋਂ ਝਿਜਕ ਰਹੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਵੱਖ ਵੱਖ ਸਕੀਮਾਂ, ਲਾਟਰੀਆਂ ਆਦਿ ਵੀ ਪੇਸ਼ ਕੀਤੀਆਂ ਗਈਆਂ ਹਨ।
ਅਮਰੀਕੀ ਸੰਸਥਾ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ (ਸੀ ਡੀ ਸੀ) ਦੇ ਅੰਕੜਿਆਂ ਅਨੁਸਾਰ ਅਮਰੀਕਾ ਨੇ ਮੰਗਲਵਾਰ ਸਵੇਰ ਤੱਕ ਦੇਸ਼ ਵਿੱਚ ਕੋਵਿਡ -19 ਟੀਕਿਆਂ ਦੀਆਂ ਤਕਰੀਬਨ 357,894,995 (357.9 ਮਿਲੀਅਨ) ਖੁਰਾਕਾਂ ਨੂੰ ਲਗਾਇਆ ਹੈ ਅਤੇ 417,477,975 ਖੁਰਾਕਾਂ ਵੰਡੀਆਂ ਹਨ।
ਨਵੇਂ ਜਾਰੀ ਕੀਤੇ ਗਏ ਇਹ ਅੰਕੜੇ 16 ਅਗਸਤ ਤੱਕ ਦੇ ਅੰਕੜਿਆਂ ਜੋ ਕਿ ਪ੍ਰਾਪਤ ਖੁਰਾਕਾਂ ਲਈ 357,292,057 ਸਨ ਨਾਲੋਂ ਵਧੇ ਹਨ। ਸੀ ਡੀ ਸੀ ਅਨੁਸਾਰ ਤਕਰੀਬਨ 198,929,642 ਲੋਕਾਂ ਨੂੰ ਮੰਗਲਵਾਰ ਤੱਕ ਕੋਰੋਨਾ ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਅਤੇ ਲਗਭਗ 168,897,604 ਲੋਕਾਂ ਨੂੰ ਵੈਕਸੀਨ ਦੀ ਪੂਰੀ ਖੁਰਾਕ ਮਿਲੀ ਹੈ।
ਵੈਕਸੀਨ ਮੁਹਿੰਮ ਦੌਰਾਨ ਲਗਾਏ ਜਾਣ ਵਾਲੇ ਟੀਕਿਆਂ ਵਿੱਚ ਦੋ ਖੁਰਾਕਾਂ ਵਾਲੇ ਮੋਡਰਨਾ ਅਤੇ ਫਾਈਜ਼ਰ/ਬਾਇਓਨਟੈਕ ਦੇ ਨਾਲ ਹੀ ਜੌਹਨਸਨ ਐਂਡ ਜੌਹਨਸਨ ਦਾ ਸਿੰਗਲ ਸ਼ਾਟ ਟੀਕਾ ਵੀ ਸ਼ਾਮਲ ਹੈ।