ਸ੍ਰੀ ਮੁਕਤਸਰ ਸਾਹਿਬ 6 ਅਗਸਤ (ਪਰਗਟ ਸਿੰਘ) – ਪਿੰਡ ਚੱਕ ਤਮਕੋਟ ਦੀ ਵਸਨੀਕ ਗਰੀਬ ਲੜਕੀ ਮਹਿਕਪ੍ਰੀਤ ਕੌਰ ਪੁੱਤਰੀ ਜਗਮੀਤ ਸਿੰਘ ਵੱਲੋਂ ਸ਼ਿੰਦਾ ਸਿੰਘ ਪੁੱਤਰ ਸੰਤੋਖ ਸਿੰਘ, ਡਾਕਟਰ ਗੋਰਾ ਸਿੰਘ ਅਤੇ ਖੁਸ਼ਬਾਗ਼ ਸਿੰਘ ਉਰਫ ਭੋਲਾ ਸਿੰਘ ਖ਼ਿਲਾਫ਼ ਮੁੱਖ ਥਾਣਾ ਅਫਸਰ ਲੱਖੇਵਾਲੀ ਨੂੰ ਮਿਤੀ 31-07-2021 ਨੂੰ ਸ਼ਿਕਾਇਤ ਦਿੱਤੀ ਗਈ ਹੈ। ਮਹਿਕਪ੍ਰੀਤ ਦੇ ਦੱਸਣ ਅਨੁਸਾਰ ਉਹ ਨੌਵੀਂ ਕਲਾਸ ਦੀ ਵਿਦਿਆਰਥਣ ਹੈ । ਉਸਦੀ ਮਾਤਾ ਸਤਵੀਰ ਕੌਰ ਨੂੰ ਖੁਸ਼ਬਾਗ਼ ਸਿੰਘ ਉਰਫ ਭੋਲਾ ਸਿੰਘ ਵਰਗਲਾਕੇ ਲੈ ਗਿਆ ਹੈ । ਇਸ ਕੰਮ ਵਿੱਚ ਉਹਨਾ ਦੇ ਗਵਾਂਢੀ ਸ਼ਿੰਦਾ ਸਿੰਘ ਅਤੇ ਡਾਕਟਰ ਗੋਰਾ ਸਿੰਘ ਪਿੰਡ ਸਾਉਂਕੇ ਦਾ ਵੀ ਹੱਥ ਹੈ। ਸ਼ਿਕਾਇਤਕਰਤਾ ਅਨੁਸਾਰ ਡਾਕਟਰ ਗੋਰਾ ਸਿੰਘ ਪਿੰਡ ਸਾਉਂਕੇ ਨੀਂਦ ਦੀਆਂ ਗੋਲੀਆਂ ਇਸ ਗਲਤ ਕੰਮ ਨੂੰ ਨੇਪਰੇ ਚਾੜਨ ਲਈ ਵਰਤਦਾ ਸੀ। ਮਹਿਕਪ੍ਰੀਤ ਕੌਰ ਨੇ ਦੱਸਿਆ ਕਿ ਉਕਤ ਵਿਅਕਤੀ ਉਸਨੂੰ ਤੇ ਉਸਦੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਤੇ ਇਸ ਕੰਮ ਵਿੱਚ ਉਸਦੀ ਮਾਤਾ ਵੀ ਦੋਸ਼ੀਆਂ ਦੀ ਸਹਾਇਤਾ ਕਰ ਰਹੀ ਹੈ।
ਸ਼ਿਕਾਇਤ ਦੇਣ ਦੇ ਬਾਵਜੂਦ ਵੀ ਜਦੋਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਸ਼ਿਕਾਇਤਕਰਤਾ ਵੱਲੋਂ ਐਸ. ਸੀ. ਕਮਿਸ਼ਨ ਭਾਰਤ ਸਰਕਾਰ ਨੂੰ ਇਸ ਸਬੰਧੀ ਜਾਣੂ ਕਰਵਾਇਆ ਗਿਆ ਹੈ ਜਿਸਦੇ ਸਿੱਟੇ ਵਜੋਂ ਉਹ ਭਾਜਪਾ ਯੁਵਾ ਮੋਰਚਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜਸਕਰਨ ਸਿੰਘ ਧੌਲਾ ਦੇ ਘਰ ਪਹੁੰਚੇ । ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਦੋਸ਼ੀਆਂ ਵੱਲੋਂ ਉਸਦੇ ਪਰਿਵਾਰ ਨੂੰ ਜਿਹੜੀਆਂ ਨੀਂਦ ਦੀਆਂ ਗੋਲੀਆਂ ਦੇਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਡਾਕਟਰ ਗੋਰਾ ਸਿੰਘ ਵੱਲੋਂ ਮੁੱਹਈਆ ਕਰਵਾਈਆਂ ਗਈਆਂ ਹਨ। ਇਸ ਮੌਕੇ ਜਸਕਰਨ ਸਿੰਘ ਧੌਲਾ ਨੇ ਕਿਹਾ ਕਿ ਐਸ. ਸੀ. ਕਮਿਸ਼ਨ ਨੂੰ ਇਸ ਮਾਮਲੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਜਲਦ ਦੋਸ਼ੀਆਂ ਵਿਰੁੱਧ ਬਣਦੀ ਕਰਵਾਈ ਕੀਤੀ ਜਾਵੇਗੀ। ਇਸ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਹਨਾ ਨੂੰ ਬਖਸ਼ਿਆ ਨਹੀਂ ਜਾਵੇਗਾ। ਪੀੜਤ ਮਹਿਕਪ੍ਰੀਤ ਕੌਰ ਤੇ ਉਸਦੇ ਪਰਿਵਾਰ ਵੱਲੋਂ ਜਿਥੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਕੋਸਿਆ ਗਿਆ ਉੱਥੇ ਹੀ ਭਾਜਪਾ ਯੁਵਾ ਮੋਰਚਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜਸਕਰਨ ਸਿੰਘ ਧੌਲਾ ਵੱਲੋਂ ਮਾੜੇ ਸਮੇਂ ਵਿੱਚ ਮਦਦ ਕਰਨ ਲਈ ਅੱਗੇ ਆਉਣ ਤੇ ਉਹਨਾ ਦਾ ਧੰਨਵਾਦ ਕੀਤਾ ਹੈ।