ਫਰਿਜ਼ਨੋ (ਕੈਲੀਫੋਰਨੀਆ), 27 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਅਮਰੀਕਾ ਦੀ ਫਸਟ ਲੇਡੀ ਅਤੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਪਤਨੀ ਜਿਲ ਬਾਈਡੇਨ ਨੇ ਐਤਵਾਰ ਨੂੰ ਹਵਾਈ ਸਟੇਟ ਦਾ ਦੌਰਾ ਕੀਤਾ। ਆਪਣੀ ਯਾਤਰਾ ਦੌਰਾਨ ਜਿਲ ਬਾਈਡੇਨ ਨੇ ਵਾਈਪਾਹੂ, ਹਵਾਈ ਵਿੱਚ ਇੱਕ ਪੌਪ-ਅਪ ਕੋਵਿਡ -19 ਟੀਕਾਕਰਨ ਕਲੀਨਿਕ ਦਾ ਮੁਆਇਨਾ ਕੀਤਾ ਅਤੇ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੀ ਲਾਗ ਵਧਣ ਕਾਰਨ ਹਵਾਈ ਨਿਵਾਸੀਆਂ ਨੂੰ ਵੈਕਸੀਨ ਦੇ ਸ਼ਾਟ ਲਗਵਾਉਣ ਲਈ ਉਤਸ਼ਾਹਿਤ ਕੀਤਾ। ਵਾਈਪਾਹੂ ਹਾਈ ਸਕੂਲ ਦੇ ਕਲੀਨਿਕ ਵਿੱਚ ਬੋਲਦਿਆਂ ਜਿਲ ਬਾਈਡੇਨ ਨੇ ਕਿਹਾ ਕਿ ਇਹ ਵਾਇਰਸ ਪਹਿਲਾਂ ਨਾਲੋਂ ਜ਼ਿਆਦਾ ਫੈਲਣ ਵਾਲਾ ਹੈ, ਇਸ ਲਈ ਇਸ ਨੂੰ ਫੈਲਣ ਤੋਂ ਰੋਕਣ ਲਈ ਟੀਕਾਕਰਨ ਜਰੂਰੀ ਹੈ। ਅੰਕੜਿਆਂ ਅਨੁਸਾਰ ਸਟੇਟ ਦੀ ਤਕਰੀਬਨ 60% ਆਬਾਦੀ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਜਦਕਿ ਸਿਹਤ ਵਿਭਾਗ ਅਨੁਸਾਰ ਨਵੇਂ ਮਾਮਲਿਆਂ ਲਈ ਹਵਾਈ ਦੀ ਸੱਤ ਦਿਨਾਂ ਦੀ ਰੋਜ਼ਾਨਾ ਔਸਤ 10 ਜੁਲਾਈ ਤੋਂ ਸ਼ੁੱਕਰਵਾਰ ਤੱਕ 192% ਤੱਕ ਵਧ ਗਈ ਹੈ। ਇਸ ਤੋਂ ਇਲਾਵਾ ਜਿਲ ਬਾਈਡੇਨ ਹੋਨੋਲੂਲੂ ਵਿੱਚ ਜਾਇੰਟ ਬੇਸ ਪਰਲ ਹਾਰਬਰ ਵਿਖੇ ਫੌਜੀ ਪਰਿਵਾਰਾਂ ਨੂੰ ਵੀ ਮਿਲੇ। ਜਿਕਰਯੋਗ ਹੈ ਕਿ ਜਿਲ ਬਾਈਡੇਨ ਟੋਕਿਓ ਵਿਚ ਓਲੰਪਿਕ ਖੇਡਾਂ ‘ਚ ਅਮਰੀਕੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਦਿਆਂ ਵਾਸ਼ਿੰਗਟਨ ਵਾਪਸੀ ਦੌਰਾਨ ਹਵਾਈ ਆਏ ਸਨ।