ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਕੈਲੀਫੋਰਨੀਆ ਵਿੱਚ ਮੌਤ ਦੀ ਸਜਾ ਪ੍ਰਾਪਤ ਇੱਕ ਸੀਰੀਅਲ ਕਿੱਲਰ ਦੀ ਜੇਲ੍ਹ ਵਿੱਚ ਮੌਤ ਹੋ ਗਈ ਹੈ । ਇਸ ਬਾਰੇ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਕੋਰੈਕਸ਼ਨਜ ਨੇ ਜਾਣਕਾਰੀ ਦਿੱਤੀ ਕਿ ਰਾਡਨੀ ਜੇਮਜ਼ ਅਲਕਲਾ ਨਾਮ ਦੇ 77 ਸਾਲਾਂ ਕੈਦੀ ਦੀ ਸ਼ਨੀਵਾਰ ਸਵੇਰੇ ਕੁਦਰਤੀ ਕਾਰਨਾਂ ਕਰਕੇ ਜੇਲ੍ਹ ਵਿੱਚ ਮੌਤ ਹੋ ਗਈ ਹੈ। 1978 ਵਿੱਚ ਟੈਲੀਵੀਜ਼ਨ ਸ਼ੋਅ “ਦਿ ਡੇਟਿੰਗ ਗੇਮ” ਵਿੱਚ ਪੇਸ਼ ਹੋਣ ਤੋਂ ਬਾਅਦ ਇਸ ਅਪਰਾਧੀ ਨੂੰ “ਦਿ ਡੇਟਿੰਗ ਗੇਮ ਕਿੱਲਰ” ਵਜੋਂ ਜਾਣਿਆ ਜਾਂਦਾ ਸੀ। ਅਲਕਲਾ ਦਾ ਨਾਮ ਕੈਲੀਫੋਰਨੀਆ, ਵਾਸ਼ਿੰਗਟਨ, ਨਿਊਯਾਰਕ, ਨਿਊ ਹੈਂਪਸ਼ਾਇਰ, ਵਾਇਓਮਿੰਗ, ਵਿੱਚ ਹੋਏ ਕਈ ਦਰਜਨਾਂ ਕਤਲਾਂ ਨਾਲ ਜੋੜਿਆ ਜਾਂਦਾ ਹੈ। ਰੋਡਨੀ ਜੇਮਜ਼ ਅਲਕਲਾ ਇੱਕ ਅਮਰੀਕੀ ਸੀਰੀਅਲ ਕਾਤਲ ਸੀ ਜਿਸ ਨੂੰ ਕੈਲੀਫੋਰਨੀਆ ਵਿੱਚ 1977 ਤੋਂ 1979 ਦਰਮਿਆਨ ਕੀਤੇ ਗਏ ਪੰਜ ਕਤਲਾਂ ਦੇ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਨਿਊ ਯਾਰਕ ਵਿੱਚ ਹੋਏ ਦੋ ਕਤਲਾਂ ਲਈ ਦੋਸ਼ੀ ਮੰਨਦਿਆਂ ਉਸ ਨੂੰ ਉਮਰ ਕੈਦ ਦੀ 25 ਸਾਲ ਦੀ ਵਾਧੂ ਸਜ਼ਾ ਮਿਲੀ ਸੀ। ਅਲਕਲਾ ਨੂੰ 1979 ਵਿੱਚ ਕੀਤੇ 12 ਸਾਲਾਂ ਰੋਬਿਨ ਸਮਸੋਏ ਦੀ ਹੱਤਿਆ ਦੇ ਦੋਸ਼ ਵਿੱਚ 1980 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੌਤ ਦੀ ਸਜ਼ਾ ਸੁਣਾਈ ਗਈ ਸੀ। ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ 1984 ਵਿੱਚ ਇਸ ਸਜ਼ਾ ਨੂੰ ਉਲਟਾ ਦਿੱਤਾ ਸੀ, ਪਰ ਇੱਕ ਹੋਰ ਸੁਣਵਾਈ ਤੋਂ ਬਾਅਦ 1986 ਵਿੱਚ ਅਲਕਲਾ ਨੂੰ ਫਿਰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਫਿਰ 2003 ਵਿੱਚ, ਇੱਕ ਕੇਂਦਰੀ ਅਪੀਲ ਕੋਰਟ ਨੇ ਉਸ ਦੀ ਸਜ਼ਾ ਨੂੰ ਫਿਰ ਤੋਂ ਉਲਟਾ ਦਿੱਤਾ ਕੇ ਇਕ ਹੋਰ ਮੁਕੱਦਮਾ ਚਲਾਇਆ ਸੀ। ਫਿਰ ਅਲਕਲਾ ਦਾ ਡੀ ਐੱਨ ਏ ਚਾਰ ਹੋਰ ਔਰਤਾਂ ਦੇ ਕਤਲਾਂ ਨਾਲ ਮਿਲਿਆ ਅਤੇ ਉਸਨੂੰ 2010 ਵਿੱਚ ਪਹਿਲੀ ਡਿਗਰੀ ਕਤਲ ਦੀਆਂ ਪੰਜ ਗਿਣਤੀਆਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਸਦੇ ਇਲਾਵਾ ਅਲਕਲਾ 130 ਕਤਲਾਂ ਦਾ ਸ਼ੱਕੀ ਸੀ।