ਫਰਿਜ਼ਨੋ (ਕੈਲੀਫੋਰਨੀਆ), 12 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਦੀ ਫਰਿਜ਼ਨੋ ਕਾਉਂਟੀ ਵਿੱਚ ਇੱਕ ਵੱਡੀ ਅਪਾਰਟਮੈਂਟ ਬਿੰਲਡਿੰਗ ਨੂੰ ਐਤਵਾਰ ਸਵੇਰੇ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਅੱਗ ਲੱਗਣ ਦੌਰਾਨ ਫਾਇਰ ਵਿਭਾਗ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਬਿਲਡਿੰਗ ਨੂੰ ਖਾਲੀ ਕਰਵਾਇਆ ਗਿਆ ਅਤੇ ਰੈੱਡ ਕਰਾਸ ਵੱਲੋਂ ਉਨ੍ਹਾਂ ਵਸਨੀਕਾਂ ਲਈ ਅਸਥਾਈ ਸਹਾਇਤਾ ਕੇਂਦਰ ਖੋਲ੍ਹਿਆ ਗਿਆ ਜੋ ਕਿ ਇਸ ਮਲਟੀ-ਯੂਨਿਟ ਅਪਾਰਟਮੈਂਟ ਵਿੱਚ ਲੱਗੀ ਅੱਗ ਨਾਲ ਪ੍ਰਭਾਵਤ ਹੋਏ ਸਨ। ਇਹ ਅਸਥਾਈ ਸਹਾਇਤਾ ਕੇਂਦਰ ਟੇਡ ਸੀ ਵਿੱਲਸ ਕਮਿਊਨਿਟੀ ਸੈਂਟਰ ਫਰਿਜ਼ਨੋ ਵਿਖੇ 770 ਐੱਨ. ਸੈਨ ਪਾਬਲੋ ਐਵੇਨਿਊ ਵਿਖੇ ਖੋਲ੍ਹਿਆ ਗਿਆ ਹੈ। ਰੈੱਡ ਕਰਾਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਲੰਟੀਅਰ ਉਸ ਜਗ੍ਹਾ ‘ਤੇ ਅੱਗ ਤੋਂ ਪ੍ਰਭਾਵਿਤ ਲੋਕਾਂ ਦੀ ਮੱਦਦ ਕਰ ਰਹੇ ਹਨ । ਇਸ ਸਹਾਇਤਾ ਕੇਂਦਰ ਵਿੱਚ 50 ਤੋਂ ਵੱਧ ਵਸਨੀਕਾਂ ਨੂੰ ਖਾਣਾ, ਪਾਣੀ, ਵਿੱਤੀ ਸਹਾਇਤਾ, ਸਿਹਤ ਸੇਵਾਵਾਂ ਦੇ ਨਾਲ ਨਾਲ ਅਧਿਆਤਮਕ ਦੇਖਭਾਲ ਲਈ ਵੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦੇ ਅਨੁਸਾਰ ਰੈੱਡ ਕਰਾਸ ਇਸ ਸੰਕਟ ਵਿੱਚ ਸਥਾਨਕ ਅਧਿਕਾਰੀਆਂ ਅਤੇ ਅਪਾਰਟਮੈਂਟ ਮੈਨੇਜਮੈਂਟ ਨਾਲ ਮਿਲ ਕੇ ਅੱਗ ਨਾਲ ਹੋਏ ਨੁਕਸਾਨ ਨੂੰ ਤੈਅ ਕਰਨ ਅਤੇ ਲੋਕਾਂ ਨੂੰ ਸਹਾਇਤਾ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੰਮ ਕਰੇਗਾ। ਰੈੱਡ ਕਰਾਸ ਦੁਆਰਾ ਖੋਲ੍ਹੇ ਗਏ ਇਸ ਸਹਾਇਤਾ ਕੇਂਦਰ ‘ਚ ਸਾਰੀਆਂ ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।