ਫਰਿਜ਼ਨੋ (ਕੈਲੀਫੋਰਨੀਆ), 12 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਜੰਗਲਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਫਾਈਟਰਜ਼ ਵੱਲੋਂ ਵੱਡੇ ਪੱਧਰ ‘ਤੇ ਜੱਦੋਜਹਿਦ ਕੀਤੀ ਜਾ ਰਹੀ ਹੈ। ਅੱਗ ਬੁਝਾਉਣ ਦੇ ਯਤਨਾਂ ਵਿੱਚ ਹਵਾਈ ਜਹਾਜ਼ਾਂ ਦੀ ਵੀ ਮੱਦਦ ਲਈ ਜਾ ਰਹੀ ਹੈ। ਇਸ ਤਰ੍ਹਾਂ ਦੀ ਹੀ ਕੋਸ਼ਿਸ਼ ਕਰਦਿਆਂ ਅਰੀਜ਼ੋਨਾ ਦੀ ਮੋਹਾਵ ਕਾਉਂਟੀ ਵਿੱਚ ਜੰਗਲੀ ਅੱਗ ਨੂੰ ਕਾਬੂ ਕਰਨ ਲਈ ਸਹਾਇਤਾ ਕਰਦਿਆਂ ਇੱਕ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਕਾਰਨ ਜਹਾਜ਼ ਵਿੱਚ ਸਵਾਰ ਦੋ ਫਾਇਰ ਫਾਈਟਰਾਂ ਦੀ ਮੌਤ ਹੋ ਗਈ। ਅਰੀਜ਼ੋਨਾ ਬਿਊਰੋ ਆਫ ਲੈਂਡ ਮੈਨੇਜਮੈਂਟ ਨੇ ਦੱਸਿਆ ਕਿ ਵਿਕੀਅਪ ਦੇ ਨੇੜੇ ਸੀਡਰ ਬੇਸਿਨ ਫਾਇਰ ਦੇ ਉੱਪਰ ਇਹ ਜਹਾਜ਼ ਕਮਾਂਡ ਅਤੇ ਨਿਯੰਤਰਣ ਕਰਨ ਵਿੱਚ ਸਹਾਇਤਾ ਕਰ ਰਿਹਾ ਸੀ। ਬਿਊਰੋ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਰਿਟਾਇਰਡ ਫਾਇਰ ਚੀਫ, ਜੈੱਫ ਪਿਚੁਰਾ, ਮਰਨ ਵਾਲਿਆਂ ਵਿੱਚੋਂ ਇੱਕ ਸੀ। ਅਰੀਜ਼ੋਨਾ ਦੇ ਫਾਇਰ ਬਿਗ੍ਰੇਡ ਵਿਭਾਗ ਨੇ ਇਸ ਦੁਖਦਾਈ ਹਵਾਈ ਹਾਦਸੇ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਅਰੀਜ਼ੋਨਾ ਦੇ ਫਾਇਰ ਬਿਊਰੋ ਦੇ ਇੱਕ ਬੁਲਾਰੇ ਡੋਲੋਰਸ ਗਾਰਸੀਆ ਨੇ ਜਾਣਕਾਰੀ ਦਿੱਤੀ ਕਿ ਹਵਾਈ ਜਹਾਜ਼ ਅੱਗ ਨੂੰ ਕਾਬੂ ਕਰਨ ਦੀ ਪ੍ਰਕਿਰਿਆ ਵਿੱਚ ਸਹਾਇਤਾ ਕਰਦੇ ਹਨ। ਬਿਜਲੀ ਦੀ ਵਜ੍ਹਾ ਕਾਰਨ ਲੱਗੀ ਸੀਡਰ ਬੇਸਿਨ ਅੱਗ ਕਾਰਨ 300 ਏਕੜ ਰਕਬਾ ਸੜ ਗਿਆ ਹੈ ਅਤੇ ਇਸ ਹਵਾਈ ਜਹਾਜ਼ ਦੇ ਕਰੈਸ਼ ਹੋਣ ਦੀ ਜਾਂਚ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਕਰ ਰਿਹਾ ਹੈ।