ਫਰਿਜ਼ਨੋ (ਕੈਲੀਫੋਰਨੀਆ), 12 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਪੱਛਮੀ ਖੇਤਰ ਜੰਗਲੀ ਅੱਗਾਂ ਦੇ ਨਾਲ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਰਿਕਾਰਡ ਤੋੜ ਗਰਮੀ ਅਤੇ ਸੋਕਾ ਜੰਗਲੀ ਅੱਗਾਂ ਲਈ ਤੇਲ ਦਾ ਕੰਮ ਕਰ ਰਹੇ ਹਨ। ਐਤਵਾਰ ਨੂੰ ਅਮਰੀਕਾ ਦੇ ਛੇ ਸੂਬਿਆਂ ਵਿੱਚ 300,000 ਏਕੜ ਤੋਂ ਵੱਧ ਰਕਬਾ ਸੜ ਗਿਆ ਅਤੇ ਗਰਮੀ ਦੀ ਬੇਰਹਿਮੀ ਨਾਲ ਬਿਜਲੀ ਸਪਲਾਈ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪਿਆ। ਓਰੇਗਨ ਵਿੱਚ ਲੱਗੀ ਜੰਗਲੀ ਅੱਗ ਜਿਸਨੂੰ ਬੂਟਲੇਗ ਫਾਇਰ ਵੀ ਕਿਹਾ ਜਾਂਦਾ ਹੈ, ਨਾਲ 143,607 ਏਕੜ ਰਕਬਾ ਸੜ ਗਿਆ ਅਤੇ ਅਤੇ ਐਤਵਾਰ ਤੱਕ ਇਸ ‘ਤੇ ਕਾਬੂ ਨਹੀਂ ਪਿਆ ਸੀ। ਕੈਲੀਫੋਰਨੀਆ ਵਿੱਚ ਵੀ ਅਧਿਕਾਰੀਆਂ ਨੇ ਪਾਵਰ ਲਾਈਨਾਂ ਨੂੰ ਅੱਗ ਨਾਲ ਪ੍ਰਭਾਵਿਤ ਹੋਣ ਤੋਂ ਬਾਅਦ ਵਸਨੀਕਾਂ ਨੂੰ ਬਿਜਲੀ ਦੀ ਖਪਤ ਨੂੰ ਜਲਦੀ ਘਟਾਉਣ ਦੀ ਬੇਨਤੀ ਕੀਤੀ। ਬੈਕਵਰਥ ਕੰਪਲੈਕਸ ਵਿਚਲੀ ਅੱਗ 83,926 ਏਕੜ ਵਿੱਚ ਫੈਲੀ ਸੀ ਅਤੇ ਕੈਲੀਫੋਰਨੀਆ ਵਿੱਚ ਇਸ ‘ਤੇ 8% ਤੱਕ ਕਾਬੂ ਪਾਇਆ ਗਿਆ ਸੀ। ਸ਼ਨੀਵਾਰ ਰਾਤ ਨੂੰ ਯੂ ਐਸ ਏ 395 ਤੱਕ ਫੈਲੀ ਅੱਗ ਨੇ ਨੇਵਾਡਾ ਦੀ ਵਾਸ਼ੋ ਕਾਉਂਟੀ ਵਿਚਲੇ ਘਰਾਂ ਨੂੰ ਵੀ ਪ੍ਰਭਾਵਿਤ ਕੀਤਾ। ਇਸ ਦੌਰਾਨ ਨੇਵਾਡਾ ਅਤੇ ਕੈਲੀਫੋਰਨੀਆ ਵਿੱਚ ਗਰਮੀ ਦੀ ਬਹੁਤ ਜ਼ਿਆਦਾ ਚੇਤਾਵਨੀ ਦਿੱਤੀ ਗਈ ਹੈ ਅਤੇ ਅੱਗ ਬੁਝਾਊ ਕਰਮਚਾਰੀ ਸੋਕੇ ਦੀਆਂ ਸਥਿਤੀਆਂ ਵਿੱਚ ਕੰਮ ਕਰ ਰਹੇ ਹਨ।