ਫਰਿਜ਼ਨੋ (ਕੈਲੀਫੋਰਨੀਆ), 9 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੀ ਮਹਿਲਾ ਨੂੰ ਇੱਕ ਮਹੱਤਵਪੂਰਨ ਅਹੁਦੇ ਦੀਆਂ ਸੇਵਾਵਾਂ ਨਿਭਾਉਣ ਦੀ ਜਿੰਮੇਵਾਰੀ ਦਿੱਤੀ ਗਈ ਹੈ। ਅਮਰੀਕਾ ਵਿੱਚ ਸਿਹਤ ਅਤੇ ਮਨੁੱਖੀ ਸੇਵਾਵਾਂ (ਐੱਚ ਐੱਚ ਐੱਸ) ਦੀ ਏਜੰਸੀ ਰਿਵਿਊ ਟੀਮ ਦੀ ਅਗਵਾਈ ‘ਚ ਸੇਵਾ ਨਿਭਾਉਣ ਵਾਲੀ ਭਾਰਤੀ-ਅਮਰੀਕੀ ਸਿਹਤ ਨੀਤੀ ਮਾਹਰ ਡਾਕਟਰ ਮੀਨਾ ਸੇਸ਼ਾਮਨੀ ਨੂੰ ਯੂ ਐਸ ਸੈਂਟਰ ਫਾਰ ਮੈਡੀਕੇਅਰ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। 43 ਸਾਲਾਂ ਸੇਸ਼ਾਮਨੀ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ, ਅਪਾਹਜ ਲੋਕਾਂ ਅਤੇ ਆਖਰੀ ਸਟੇਜ ਦੇ ਰੋਗਾਂ ਵਾਲੇ ਲੋਕਾਂ ਦੀ ਸੇਵਾ ਵਿੱਚ ਸੈਂਟਰ ਸਰਕਾਰ ਦੇ ਯਤਨਾਂ ਦੀ ਅਗਵਾਈ ਕਰੇਗੀ ਜੋ ਮੈਡੀਕੇਅਰ ਕਵਰੇਜ ‘ਤੇ ਨਿਰਭਰ ਕਰਦੇ ਹਨ।
ਡਾ. ਸੇਸ਼ਾਮਨੀ ਦਾ ਡਿਪਟੀ ਐਡਮਨਿਸਟ੍ਰੇਟਰ ਅਤੇ ਸੈਂਟਰ ਫਾਰ ਮੈਡੀਕਅਰ ਦੇ ਡਾਇਰੈਕਟਰ ਵਜੋਂ ਕਾਰਜਕਾਲ 6 ਜੁਲਾਈ ਤੋਂ ਸ਼ੁਰੂ ਹੋਇਆ ਹੈ। ਡਾ. ਮੀਨਾ ਸਿਹਤ ਸੰਭਾਲ ਕਾਰਜਕਾਰੀ, ਸਿਹਤ ਅਰਥ ਸ਼ਾਸਤਰੀ, ਚਿਕਿਤਸਕ ਅਤੇ ਸਿਹਤ ਨੀਤੀ ਮਾਹਰ ਵਜੋਂ ਵੀ ਕੰਮ ਕਰ ਚੁੱਕੀ ਹੈ। ਮੀਨਾ ਨੇ ਹਾਲ ਹੀ ਵਿੱਚ ਮੈਡਸਟਾਰ ਹੈਲਥ ਵਿਖੇ ਕਲੀਨੀਕਲ ਕੇਅਰ ਟ੍ਰਾਂਸਫੋਰਮੇਸ਼ਨ ਦੀ ਵਾਈਸ ਪ੍ਰੈਜੀਡੈਂਟ ਵਜੋਂ ਵੀ ਸੇਵਾ ਨਿਭਾਈ ਹੈ। ਡਾ. ਸੇਸ਼ਮਾਨੀ ਕੋਲ ਆਪਣੀ ਭੂਮਿਕਾ ਲਈ ਦਹਾਕਿਆਂ ਦਾ ਨੀਤੀਗਤ ਤਜਰਬਾ ਹੈ, ਜਿਸ ਵਿੱਚ ਹਾਲ ਹੀ ਵਿੱਚ ਬਾਈਡੇਨ-ਹੈਰਿਸ ਦੀ ਟ੍ਰਾਂਜਿਸਨ ਐੱਚ ਐੱਚ ਐੱਸ ਏਜੰਸੀ ਟੀਮ ਦੀ ਅਗਵਾਈ ਵਿੱਚ ਕੰਮ ਕਰਨਾ ਸ਼ਾਮਲ ਹੈ ।ਮੈਡਸਟਾਰ ਤੋਂ ਪਹਿਲਾਂ, ਉਹ ਯੂ ਐੱਸ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੇ ਸਿਹਤ ਸੁਧਾਰ ਦਫਤਰ ਦੀ ਡਾਇਰੈਕਟਰ ਵੀ ਸੀ, ਜਿਥੇ ਉਸਨੇ ਆਪਣੀ ਰਣਨੀਤੀ ਨਾਲ ਪੂਰੇ ਵਿਭਾਗ ਵਿੱਚ ਕਿਫਾਇਤੀ ਕੇਅਰ ਐਕਟ ਨੂੰ ਲਾਗੂ ਕਰਨ ਦੀ ਅਗਵਾਈ ਕੀਤੀ, ਜਿਸ ਵਿੱਚ ਕਵਰੇਜ ਨੀਤੀ, ਡਿਲੀਵਰੀ ਸਿਸਟਮ ਸੁਧਾਰ ਅਤੇ ਪਬਲਿਕ ਹੈਲਥ ਪਾਲਿਸੀ ਸ਼ਾਮਲ ਹਨ। ਮੀਨਾ ਨੇ ਆਪਣੀ ਬੀ.ਏ ਬ੍ਰਾਊਨ ਯੂਨੀਵਰਸਿਟੀ ਤੋਂ ਬਿਜ਼ਨਸ ਇਕਨਾਮਿਕਸ ਵਿੱਚ ਕੀਤੀ, ਉਸਨੇ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਸਕੂਲ ਆਫ਼ ਮੈਡੀਸਨ ਯੂਨੀਵਰਸਿਟੀ ਤੋਂ ਐਮ.ਡੀ. ਅਤੇ ਹੈਲਥ ਇਕਨਾਮਿਕਸ ਵਿੱਚ ਪੀ.ਐਚ.ਡੀ. ਆਕਸਫੋਰਡ ਯੂਨੀਵਰਸਿਟੀ ਤੋਂ ਕੀਤੀ ਜਿਥੇ ਉਹ ਸਕਾਲਰ ਸੀ।