ਸ੍ਰੀ ਮੁਕਤਸਰ ਸਾਹਿਬ, 3 ਜੁਲਾਈ ( ਪਰਗਟ ਸਿੰਘ ) – ਲੋਕਾਂ ਨੂੰ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਜ਼ਿਲ੍ਹੇ ਦੇ ਵੱਖ ਵੱਖ ਢੁੱਕਵੀਆਂ ਥਾਵਾਂ ਤੇ ਕੋਰੋਨਾ ਵੈਕਸੀਨ ਕੈਂਪਾਂ ਦਾ ਆਯੋਜਨ ਸਿਹਤ ਵਿਭਾਗ ਵਲੋਂ ਸਰਕਾਰੀ ਗਠਿਤ ਟੀਮਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਸਹਾਇਤਾ ਨਾਲ ਕੀਤਾ ਜਾ ਰਿਹਾ ਹੈ। ਜਿੱਥੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੁਫ਼ਤ ਕੋਰੋਨਾ ਵੈਕਸੀਨ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ ਉੱਥੇ ਹੀ ਪਿੰਡਾਂ ਵਿੱਚ ਵੀ ਵੱਖ-ਵੱਖ ਯੂਥ ਕਲੱਬਾਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਵੀ ਮੁਫ਼ਤ ਟੀਕਾਕਰਨ ਕੈਂਪ ਅਯੋਜਿਤ ਕੀਤੇ ਜਾ ਰਹੇ ਹਨ। ਇਸਦੇ ਤਹਿਤ ਹੀ ਅੱਜ ਜ਼ਿਲ੍ਹੇ ਦੇ ਪਿੰਡ ਰਹੂੜਿਆਂ ਵਾਲੀ ਵਿਖੇ ਗ੍ਰਾਮ ਪੰਚਾਇਤ ਤੇ ਲੋਕ ਭਲਾਈ ਸੇਵਾ ਕਲੱਬ ਦੇ ਸਹਿਯੋਗ ਨਾਲ ਕੋਰੋਨਾ ਕੋਵਿਡ ਸੰਬੰਧੀ ਮੁਫ਼ਤ ਟੀਕਾਕਰਣ ਕੈਂਪ ਲਗਾਇਆ ਗਿਆ। ਜਿਸਦਾ ਪਿੰਡ ਵਾਸੀਆਂ ਵੱਲੋਂ ਵੱਡੀ ਗਿਣਤੀ ‘ਚ ਲਾਭ ਲਿਆ ਗਿਆ ।
ਸ੍ਰੀਮਤੀ ਸਵਰਨਜੀਤ ਕੌਰ, ਉੱਪ ਮੰਡਲ ਮੈਜਿਸਟ੍ਰੇਟ ਅਤੇ ਡਾ.ਨਰੇਸ਼ ਪਰੂਥੀ ਵੱਲੋਂ ਟੀਕਾਕਰਣ ਕੈਂਪ ਦਾ ਦੌਰਾ ਕੀਤਾ ਗਿਆ। ਇਸ ਮੌਕੇ ਵੈਕਸੀਨ ਲਗਵਾਉਣ ਲਈ ਪਹੁੰਚੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਐਨਜੀਓ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਨੇ ਆਖਿਆ ਕਿ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਵੈਕਸੀਨ ਦਾ ਟੀਕਾ ਲਗਾਉਣਾ ਜ਼ਰੂਰੀ ਹੈ ਤਾਂ ਕਿ ਕਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ। ਇਸ ਲਈ ਤੀਸਰੀ ਲਹਿਰ ਤੋਂ ਬਚਣ ਲਈ ਵੈਕਸੀਨ ਦੀ ਘੱਟੋ-ਘੱਟ ਇਕ ਡੋਜ਼ ਹਰ ਇਕ ਵਿਅਕਤੀ ਨੂੰ ਬਿਨ੍ਹਾਂ ਕਿਸੇ ਡਰ ਤੋਂ ਲਗਵਾ ਲੈਣੀ ਚਾਹੀਦੀ ਹੈ।
ਕੈਂਪ ਦੌਰਾਨ ਕੋਰੋਨਾ ਵੈਕਸੀਨ ਟੀਕਾਕਰਣ ਦੀਆਂ ਸੇਵਾਵਾਂ ਨਿਭਾ ਰਹੀ ਸਿਹਤ ਵਿਭਾਗ ਦੀ ਸਮੁੱਚੀ ਟੀਮ ਸਿਹਤ ਇੰਸਪੈਕਟਰ ਸੁਖਵਿੰਦਰ ਸਿੰਘ, ਏ.ਐੱਨ.ਐੱਮ ਗੁਰਪਾਲ ਕੌਰ, ਏ.ਐੱਨ.ਐੱਮ ਬਲਜੀਤ ਕੌਰ, ਸੀ.ਐੱਚ.ਓ ਮੰਗਲ ਪ੍ਰੀਤ, ਆਸ਼ਾ ਵਰਕਰ ਭਿੰਦਰ ਕੌਰ ਤੇ ਕੁਲਵਿੰਦਰ ਕੌਰ, ਵਰਕਰ ਹਰਪਾਲ ਸਿੰਘ, ਆਂਗਣਵਾੜੀ ਵਰਕਰ ਮਨਦੀਪ ਕੌਰ, ਪਰਮਜੀਤ ਕੌਰ, ਅਮਰਦੀਪ ਕੌਰ ਦਾ ਪਿੰਡ ਵਾਸੀਆਂ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਲੋਕ ਭਲਾਈ ਸੇਵਾ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਜੱਸਲ ਸਿੰਘ ਰਹੂੜਿਆਂ ਵਾਲੀ, ਸਰਪੰਚ ਮਨਮੋਹਨ ਸਿੰਘ, ਵੀ.ਡੀ.ਓ ਨੱਥਾ ਸਿੰਘ ਭੁੱਲਰ, ਮਨਜੋਤ ਸਿੰਘ, ਮੈਂਬਰ ਮਾੜਾ ਸਿੰਘ, ਮੁੱਖ ਅਧਿਆਪਕ ਹਰਮੀਤ ਬੇਦੀ ਅਤੇ ਸਕੂਲ ਦਾ ਸਟਾਫ਼ ਵਿਸ਼ੇਸ਼ ਤੌਰ ਤੇ ਹਾਜ਼ਰ ਸੀ।