ਫ਼ਾਜ਼ਿਲਕਾ 3 ਜੁਲਾਈ (ਰਿਤਿਸ਼) – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਲਗਪਗ ਪਿਛਲੇ ਚਾਰ ਸਾਲਾਂ ਤੋਂ ਸਿੱਖਿਆ ਸੁਧਾਰ ਪ੍ਰੋਗਰਾਮਾਂ ਸਦਕਾ ਪੰਜਾਬ ਸਕੂਲੀ ਸਿੱਖਿਆ ਰਾਸ਼ਟਰੀ ਸਰਵੇਖਣ ਦਰਜਾਬੰਦੀ ਵਿੱਚ ਸਮੁੱਚੇ ਭਾਰਤ ਵਿੱਚੋਂ ਮੋਹਰੀ ਸਥਾਨ ਹਾਸਿਲ ਕਰਨ ਵਿੱਚ ਕਾਮਯਾਬ ਰਿਹਾ ਹੈ। ਇਸ ਮਾਣਮੱਤੀ ਪ੍ਰਾਪਤੀ ਨੂੰ ਸਮੂਹ ਸਰਕਾਰੀ ਸਕੂਲਾਂ ਵਿੱਚ ਆਯੋਜਿਤ ਕੀਤੀ ਗਈ ਆਨਲਾਈਨ ਮਾਪੇ-ਅਧਿਆਪਕ ਮਿਲਣੀ ਦੇ ਪਹਿਲੇ ਦਿਨ ਸਾਂਝਾ ਕੀਤਾ ਗਿਆ।
ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਮੈਡਮ ਅੰਜੂ ਸੇਠੀ ਉੱਪ ਜਿਲ੍ਹਾ ਐਲੀਮੈਂਟਰੀ ਨੇ ਦੱਸਿਆ ਕਿ ਦੋ ਦਿਨ ਚੱਲਣ ਵਾਲੀ ਵਰਚੂਅਲ ਮਾਪੇ-ਅਧਿਆਪਕ ਮਿਲਣੀ ਵਿੱਚ ਅੱਜ ਸਮੂਹ ਸਰਕਾਰੀ ਸਕੂਲਾਂ ਵਿੱਚ ਵਿਭਾਗੀ ਹਦਾਇਤਾਂ ਅਨੁਸਾਰ ਅਧਿਆਪਕਾਂ ਦੁਆਰਾ ਆਪਣੇ ਸਕੂਲ ਮੁਖੀਆਂ ਦੀ ਅਗਵਾਈ ਵਿੱਚ ਸਮੂਹ ਵਿਦਿਆਰਥੀਆਂ , ਮਾਪਿਆਂ , ਐੱਸ.ਐੱਮ.ਸੀ.ਮੈਂਬਰਾਂ ਅਤੇ ਸਮਾਜ ਦੇ ਪਤਵੰਤਿਆਂ ਨਾਲ ਰਾਬਤਾ ਕਾਇਮ ਕੀਤਾ ਗਿਆ। ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਇਸ ਮੌਕੇ ਅਧਿਆਪਕਾਂ ਦੁਆਰਾ ਆਨਲਾਈਨ ਮਿਲਣੀ ਵਿੱਚ ਹਾਜ਼ਰ ਮਾਪਿਆਂ,ਕਮੇਟੀ ਮੈਂਬਰਾਂ ਅਤੇ ਹੋਰ ਪਤਵੰਤਿਆਂ ਨਾਲ ਵਿਦਿਆਰਥੀਆਂ ਦੀ ਪ੍ਰਗਤੀ ਰਿਪੋਰਟ ਸਾਂਝੀ ਕਰਨ ਤੋਂ ਇਲਾਵਾ ਸਿੱਖਿਆ ਵਿਭਾਗ ਦੀ ਅਗਵਾਈ ਵਿੱਚ ਮਿਹਨਤੀ ਅਧਿਆਪਕ ਅਮਲੇ ਵੱਲੋਂ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ , ਟੀਵੀ ਜਮਾਤਾਂ , ਸਪਲੀਮੈਂਟਰੀ ਮਟੀਰੀਅਲ , ਅਭਿਆਸ ਸ਼ੀਟਾਂ ਅਤੇ ਸਹਿ – ਵਿੱਦਿਅਕ ਗਤੀਵਿਧੀਆਂ ਸਬੰਧੀ ਕੀਤੇ ਗਏ ਉੱਦਮਾਂ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਇਹਨਾਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਸਹਿਯੋਗ ਦੇਣ ਬਾਰੇ ਪ੍ਰੇਰਿਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ,ਉੱਪ ਜਿਲ੍ਹ ਅਫਸਰ ਐਲੀਮੈਂਟਰੀ ਅਤੇ ਸਮੂਹ ਬੀਪੀਓਜ ਵੱਲੋਂ ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਦੇ ਪਹਿਲੇ ਅਤੇ ਦੂਜੇ ਦਿਨ ਰੈਂਡਮ ਪੱਧਰ ‘ਤੇ ਆਪਣੇ ਜ਼ਿਲ੍ਹੇ ਅਤੇ ਬਲਾਕਾਂ ਦੇ ਵੱਖ-ਵੱਖ ਸਕੂਲਾਂ ਦੀ ਆਨਲਾਈਨ ਮਾਪੇ-ਅਧਿਆਪਕ ਮਿਲਣੀ ਵਿੱਚ ਸ਼ਮੂਲੀਅਤ ਕੀਤੀ ਗਈ।
ਸਮੂਹ ਸਿੱਖਿਆ ਅਮਲੇ ਵੱਲੋਂ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਸਹਿਯੋਗੀ ਕਾਰਜ ਕਰਨ ਵਾਲੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਗੁਣਾਤਮਿਕ ਸਿੱਖਿਆ ਦੇ ਟੀਚਿਆਂ ਦੀ ਪ੍ਰਾਪਤੀ ਲਈ ਵਿਭਾਗ ਦੇ ਯਤਨਾਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਉਹਨਾਂ ਦੇ ਸੁਝਾਅ ਲੈਂਦੇ ਹੋਏ ਭਰਵੇਂ ਸਹਿਯੋਗ ਦੀ ਆਸ ਪ੍ਰਗਟਾਈ ਗਈ ।