ਫਾਜ਼ਿਲਕਾ, 16 ਜੂਨ – ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਆਈ.ਏ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਫਾਜਿਲਕਾ ਜ਼ਿਲੇ੍ਹ ਵਿੱਚ ਹੁਣ ਤੱਕ 18653 ਲੋਕਾਂ ਨੇ ਕੋਵਿਡ ਖਿਲਾਫ ਜੰਗ ਜਿੱਤ ਕੇ ਸਿਹਤਯਾਬੀ ਹਾਸਲ ਕੀਤੀ ਹੈ। ਉਨਾਂ ਨੇ ਕਿਹਾ ਕਿ ਸਮੇਂ ਸਿਰ ਜਾਂਚ ਕਰਵਾ ਲਈ ਜਾਵੇ ਅਤੇ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਜਲਦ ਤੋਂ ਜਲਦ ਬਿਮਾਰੀ ਨੂੰ ਹਰਾਇਆ ਜਾ ਸਕਦਾ ਹੈ।
ਪਿਛਲੇ 24 ਘੰਟਿਆਂ ਦੌਰਾਨ ਜ਼ਿਲੇ ਵਿਚ ਕੋਵਿਡ ਦੇ 30 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 46 ਜਣਿਆ ਨੇ ਕਰੋਨਾ ਨੂੰ ਹਰਾਇਆ ਹੈ।ਇਸ ਤਰਾਂ ਹੁਣ ਤੱਕ ਜ਼ਿਲੇ ਵਿਚ ਕੁੱਲ 19640 ਲੋਕਾਂ ਦੀ ਰਿਪੋਰਟ ਪਾਜਿਟਿਵ ਆ ਚੁੱਕੀ ਹੈ। ਜਦ ਕਿ ਇਸ ਸਮੇਂ 485 ਐਕਟਿਵ ਕੇਸ ਜ਼ਿਲੇ ਵਿਚ ਹਨ ਅਤੇ 502 ਦੁੱਖਦਾਈ ਮੌਤਾਂ ਹੋਈਆਂ ਹਨ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਵਿਡ ਦੇ ਲੱਛਣ ਵਿਖਾਈ ਦੇਣ ਤਾਂ ਬਿਨਾਂ ਦੇਰੀ ਆਪਣੇ ਟੈਸਟ ਕਰਵਾਇਆ ਜਾਵੇ।ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਚਣ ਲਈ ਸਾਵਧਾਨੀਆਂ ਜਿਵੇਂ ਕਿ ਮਾਸਕ ਲਾਜਮੀ ਪਾਇਆ ਜਾਵੇ, ਭੀੜ ਵਾਲੀ ਜਗ੍ਹਾਂ `ਤੇ ਨਾ ਜਾਇਆ ਜਾਵੇ, ਸਮਾਜਿਕ ਦੂਰੀ ਕਾਇਮ ਕੀਤੀ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਧੋਤਾ ਜਾਵੇ।