ਫਰਿਜ਼ਨੋ (ਕੈਲੀਫੋਰਨੀਆ), 4 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਵਾਲਮਾਰਟ ਇਸ ਸਾਲ ਦੇ ਅੰਤ ਤੱਕ ਆਪਣੇ ਤਕਰੀਬਨ 740,000 ਕਰਮਚਾਰੀਆਂ ਨੂੰ ਮੁਫਤ ਸੈਮਸੰਗ ਕੰਪਨੀ ਦੇ ਸਮਾਰਟਫੋਨ ਦੇਵੇਗਾ । ਇਹਨਾਂ ਸਮਾਰਟਫੋਨਾਂ ਦੀ ਵਰਤੋਂ ਕਰਮਚਾਰੀਆਂ ਦੁਆਰਾ ਇੱਕ ਨਵੀਂ ਐਪ ਦੀ ਵਰਤੋਂ ਕਰਨ ਲਈ ਕੀਤੀ ਜਾਵੇਗੀ। ਸੈਮਸੰਗ ਦੇ ਗਲੈਕਸੀ ਐਕਸਕਵਰ ਪ੍ਰੋ ਫੋਨ ਦੀ ਵਰਤੋਂ ਨਿੱਜੀ ਕੰਮਾਂ ਲਈ ਵੀ ਕੀਤੀ ਜਾ ਸਕਦੀ ਹੈ ਅਤੇ ਇਸ ਫੋਨ ਦੀ ਕੀਮਤ ਇਸ ਸਮੇਂ 499 ਡਾਲਰ ਹੈ। ਕੰਪਨੀ ਦੁਆਰਾ ਆਪਸ ਵਿੱਚ ਤਾਲਮੇਲ ਕਰਨ ਅਤੇ ਹੋਰ ਕੰਮਾਂ ਨੂੰ ਸੋਖਾ ਕਰਨ ਲਈ ਬਣਾਈ ਗਈ ਨਵੀਂ ਐਪਲੀਕੇਸ਼ਨ ਮੀ@ਵਾਲਮਾਰਟ ਦੀ ਵਰਤੋਂ ਇਸ ਫੋਨ ‘ਤੇ ਕੀਤੀ ਜਾ ਸਕੇਗੀ। ਇਸ ਐਪ ਦੀ ਵਰਤੋਂ ਨਾਲ ਕੰਪਨੀ ਦੇ ਸਹਿਯੋਗੀਆਂ ਅਤੇ ਕਰਮਚਾਰੀਆਂ ਦਾ ਸਮਾਂ ਬਚੇਗਾ ਅਤੇ ਉਨ੍ਹਾਂ ਨੂੰ ਵਧੇਰੇ ਨਿਪੁੰਨ ਬਣਨ ਵਿੱਚ ਮੱਦਦ ਮਿਲੇਗੀ। ਵਾਲਮਾਰਟ ਨੇ ਕਿਹਾ ਕਿ ਹੁਣ ਤੱਕ ਵਾਲਮਾਰਟ ਸਟੋਰਾਂ ਦੇ ਸਹਿਯੋਗੀ ਹੈਂਡਹੋਲਡ ਉਪਕਰਣਾਂ ਦੀ ਵਰਤੋਂ ਕਰਦੇ ਸਨ , ਜਿਨ੍ਹਾਂ ਨਾਲ ਉਹ ਗੱਲਬਾਤ ਕਰਦੇ ਸਨ, ਪਰ ਹੁਣ ਕਰਮਚਾਰੀ ਸਮਾਰਟਫੋਨਜ਼ ਨਾਲ ਸ਼ੁਰੂਆਤ ਕਰਨਗੇ। ਕੰਪਨੀ ਅਨੁਸਾਰ ਆਉਣ ਵਾਲੇ ਮਹੀਨਿਆਂ ਵਿੱਚ, ਕੰਪਨੀ ਦੀ ਐਪ ਵਿੱਚ ਇੱਕ ਵਿਸ਼ੇਸ਼ਤਾ ਸ਼ਾਮਲ ਕਰਨ ਦੀ ਵੀ ਯੋਜਨਾ ਹੈ ਜੋ ਕਰਮਚਾਰੀਆਂ ਨੂੰ ਸਟਾਕ ਰੂਮ ਤੋਂ ਵਿਕਰੀ ਸਥਾਨ ‘ਤੇ ਚੀਜ਼ਾਂ ਪ੍ਰਾਪਤ ਕਰਨ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾਉਣ ਵਿੱਚ ਸਹਾਇਤਾ ਕਰੇਗੀ। ਇਸਦੇ ਨਾਲ ਹੀ ਕੰਪਨੀ ਕੋਲ ਕਿਸੇ ਵੀ ਕਰਮਚਾਰੀ ਦੇ ਨਿੱਜੀ ਡਾਟੇ ਦੀ ਪਹੁੰਚ ਨਹੀਂ ਹੋਵੇਗੀ ਅਤੇ ਸਮਾਰਟਫੋਨ ਨੂੰ ਉਹ ਆਪਣੇ ਖੁਦ ਦੇ ਨਿੱਜੀ ਉਪਕਰਣ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਹਨ। ਵਾਲਮਾਰਟ ਨੇ ਕਿਹਾ ਹੈ ਕਿ ਇਹ ਟੈਸਟ ਸਾਲ ਦੇ ਅੰਤ ਤੱਕ ਵਧਾਇਆ ਜਾਵੇਗਾ। ਇਸ ਸਾਲ ਦੇ ਸ਼ੁਰੂ ਵਿੱਚ ਵੀ ਵਾਲਮਾਰਟ ਨੇ ਅਮਰੀਕਾ ਦੇ 1.6 ਮਿਲੀਅਨ ਕਰਮਚਾਰੀਆਂ ਦੇ ਤੀਜੇ ਹਿੱਸੇ ਲਈ ਤਨਖਾਹ ਵਧਾਉਣ ਦੀ ਘੋਸ਼ਣਾ ਕੀਤੀ ਸੀ।