ਅਬੋਹਰ 31ਮਈ (ਰਿਤਿਸ਼) – ਸਿਵਲ ਸਰਜਨ ਫਾਜ਼ਿਲਕਾ ਡਾ. ਪਰਮਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਐੱਸ.ਐਮ.ਓ. ਸੀਤੋ ਗੁੰਨੋ ਡਾ. ਸਨਮਾਨ ਮਾਜ਼ੀ ਜੀ ਦੀ ਅਗਵਾਈ ਹੇਠ ਬਲਾਕ ਸੀਤੋ ਗੁੰਨੋ ਵਿਖੇ ਬਲਾਕ ਐਕਸਟੇਂਸ਼ਨ ਐਜੂਕੇਟਰ ਸੁਨੀਲ ਟੰਡਨ ਨੇ ਦੱਸਿਆ ਕਿ 31 ਮਈ ਨੂੰ ਪੂਰੀ ਦੁਨੀਆ ’ਚ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ ਥੀਮ ਹੈ “ਤੰਬਾਕੂ ਛੱਡਣ ਦਾ ਵਾਅਦਾ’’ 1988 ’ਚ ਵਿਸਵ ਸਿਹਤ ਸੰਸਥਾ ਨੇ ਤੰਬਾਕੂ ਵਿਰੋਧੀ ਦਿਵਸ ਦੀ ਸ਼ੁਰੂਆਤ ਦੁਨੀਆਂ ’ਚ ਤੰਬਾਕੂ ਦੇ ਸਿਹਤ ’ਤੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਸਿਹਤਮੰਦ ਜੀਵਨ ਜਾਂਚ ਅਪਣਾਉਣ ਲਈ ਪ੍ਰੇਰਿਤ ਕਰਨ ਵਾਸਤੇ 31 ਮਈ ਨੂੰ ਤੰਬਾਕੂ ਵਿਰੋਧੀ ਦਿਵਸ ਦੀ ਸ਼ੁਰੂਆਤ ਕੀਤੀ ਸੀ। ਕਿਉਂਕਿ ਜਿਸ ਤਰ੍ਹਾਂ ਹਵਾ ਦੇ ਪ੍ਰਦੂਸ਼ਣ ਨਾਲ ਸਿਹਤ ’ਤੇ ਬੁਰਾ ਪ੍ਰਭਾਵ ਪੈਂਦਾ ਹੈ ਇਸੇ ਤਰ੍ਹਾਂ ਤੰਬਾਕੂ ਦੇ ਸੇਵਨ ਨਾਲ ਫੇਫੜਿਆਂ ’ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। 2019 ’ਚ ਲਗਭਗ 80 ਲੱਖ ਲੋਕਾਂ ਦੀ ਮੌਤ ਸਿਰਫ ਤੰਬਾਕੂ ਨੋਸ਼ੀ ਨਾਲ ਹੋ ਗਈ। ਨੌਜਵਾਨ ਪੀੜੀ ਸਭ ਤੋਂ ਜ਼ਿਆਦਾ ਤੰਬਾਕੂ ਨੋਸ਼ੀ ਦਾ ਸ਼ਿਕਾਰ ਹੋ ਰਹੀ ਹੈ।
ਇਸ ਮੌਕੇ ਹੈਲਥ ਸੁਪਰਵਾਈਜ਼ਰ ਰਾਜ ਕੁਮਾਰ ਬੇਰੀ ਨੇ ਕਿਹਾ ਕਿ ਸੋਧ ਕਰਤਾਵਾਂ ਦਾ ਕਹਿਣਾ ਹੈ ਕਿ ਦੁਨੀਆ ’ਚ 2019 ’ਚ 1.7 ਮਿਲੀਅਨ ਮੌਤਾਂ ਦਿਲ ਦੇ ਰੋਗਾਂ ਅਤੇ ਫੇਫੜਿਆਂ ਦੇ ਕੈਂਸਰ ਨਾਲ ਹੋਈਆਂ। ਜਿਨ੍ਹਾਂ ’ਚ ਮੁੱਖ ਤੌਰ ਭਾਰਤ ਸਰਕਾਰ ਵੱਲੋਂ ਤੰਬਾਕੂ ਦੀ ਵਰਤੋਂ ਸਬੰਧੀ ਕੋਟਪਾ (ਸਿਗਰੇਟ ਅਤੇ ਦੂਜੇ ਤੰਬਾਕੂ ਉਤਪਾਦ) ਐਕਟ ਲਾਗੂ ਕੀਤਾ ਗਿਆ ਹੈ ਜਿਸ ਤਹਿਤ ਕੋਈ ਵੀ ਵਿਅਕਤੀ ਕਿਸੇ ਜਨਤਕ ਥਾਂ ਜਿਵੇਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਰੇਲਗੱਡੀ,ਹੋਟਲ ਆਦਿ ਵਿੱਚ ਤੰਬਾਕੂਨੋਸ਼ੀ ਨਹੀਂ ਕਰ ਸਕਦਾ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਉਤਪਾਦ ਵੇਚਣ ਦੀ ਮਨਾਹੀ ਹੈ ਕਿਸੇ ਵੀ ਵਿੱਦਿਅਕ ਜਾਂ ਧਾਰਮਿਕ ਸੰਸਥਾ ਦੇ 100 ਮੀਟਰ ਦੇ ਦਾਇਰੇ ਅੰਦਰ ਨਾ ਤਾ ਤੰਬਾਕੂ ਉਤਪਾਦ ਵੇਚਿਆ ਜਾ ਸਕਦਾ ਹੈ ਤੇ ਨਾ ਹੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਇਹਨਾਂ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰ ਨਹੀਂ ਦਿੱਤੇ ਜਾ ਸਕਦੇ। ਤੰਬਾਕੂ ਉਤਪਾਦ ਤੇ ਲਿਖਤੀ ਅਤੇ ਤਸਵੀਰ ਸਮੇਤ 85 ਫ਼ੀਸਦੀ ਚੇਤਾਵਨੀ ਛਾਪਣੀ ਲਾਜ਼ਮੀ ਹੈ ।
ਉਨ੍ਹਾਂ ਕਿਹਾ ਕਿ ਅੱਜ ਕਰੋਨਾ ਮਹਾਮਾਰੀ ਦੇ ਦੌਰ ’ਚ ਤੰਬਾਕੂ ਨੋਸ਼ੀ ਹੋਰ ਵੀ ਘਾਤਕ ਸਿੱਧ ਹੋ ਰਹੀ ਹੈ। ਕਿਉਂਕਿ ਤੰਬਾਕੂ ਦਾ ਸਿੱਧਾ ਅਸਰ ਫੇਫੜਿਆਂ ਅਤੇ ਦਿਲ ’ਤੇ ਹੁੰਦਾ ਹੈ ਅਤੇ ਕੋਰੋਨਾ ’ਚ ਵੀ ਫੇਫੜਿਆਂ ’ਤੇ ਅਸਰ ਹੁੰਦਾ ਹੈ ਅਤੇ ਵਿਅਕਤੀ ਦੀ ਰੋਗਾਂ ਖਿਲਾਫ਼ ਲੜਨ ਦੀ ਤਾਕਤ ਘਟ ਜਾਂਦੀ ਹੈ ਅਤੇ ਇਹੀ ਉਸ ਲਈ ਘਾਤਕ ਹੋ ਨਿਬੜ ਦੀ ਹੈ। ਇਸ ਲਈ ਜ਼ਰੂਰੀ ਹੈ ਨੌਜਵਾਨਾਂ ਨੂੰ ਤੰਬਾਕੂ ਨੋਸ਼ੀ ਤੋਂ ਬਚਾਇਆ ਜਾਵੇ। ਇਸ ਲਈ ਉਨ੍ਹਾਂ ਨੂੰ ਇਕ ਨਿਸ਼ਚਿਤ ਦਿਨ ’ਤੇ ਪਾਬੰਦ ਕੀਤਾ ਜਾ ਸਕਦਾ ਹੈ ਅਤੇ ਦੋਸਤਾਂ, ਰਿਸ਼ਤੇਦਾਰਾਂ ਦਾ ਸਹਿਯੋਗ ਬਹੁਤ ਜਰੂਰੀ ਹੈ ਉਹ ਲਿਆ ਜਾ ਸਕਦਾ ਹੈ। ਤੰਬਾਕੂ ਛੱਡਣ ’ਤੇ ਆਉਣ ਵਾਲੀਆਂ ਮੁਸ਼ਕਲਾਂ ਲਈ ਮਾਨਸਿਕ ਤੌਰ ’ਤੇ ਤਿਆਰ ਹੋਣਾ ਅਤੇ ਤੰਬਾਕੂ ਪਦਾਰਥਾਂ ਨੂੰ ਅਪਣੇ ਆਸ ਪਾਸ ਤੋਂ ਹਟਾ ਦੇਣਾ ਚਾਹੀਦਾ ਹੈ ਤਾਂ ਹੀ ਤੰਬਾਕੂ ਨੂੰ ਛੱਡਣ ’ਚ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। 2018 ਦੇ ਇਕ ਸਰਵੇ ਮੁਤਾਬਕ ਭਾਰਤ ਸਭ ਤੋਂ ਜਿਆਦਾ ਤੰਬਾਕੂ ਵਰਤਣ ਵਾਲੇ ਦੇਸ਼ਾਂ ’ਚੋਂ ਦੂਸਰੇ ਨੰਬਰ ਤੇ ਹੈ। ਤੰਬਾਕੂ ਨਾਲ ਸਿਰਫ ਦਿਲ ਦੇ ਰੋਗ ਜਾਂ ਫੇਫੜਿਆਂ ਦੇ ਕੈਂਸਰ ਹੀ ਨਹੀਂ ਬਲਕਿ ਸਾਰੇ ਸ਼ਰੀਰ ’ਚ ਖੂਨ, ਲੀਵਰ, ਮੂੰਹ, ਗਲੇ ਆਦਿ ਕਈ ਅੰਗ ਕੈਂਸਰ ਨਾਲ ਪ੍ਰਭਾਵਤ ਹੋ ਜਾਂਦੇ ਹਨ। ਬਲੱਡ ਪ੍ਰੈਸ਼ਰ ਵਧਣ ਦਾ ਵੀ ਇਕ ਬਹੁਤ ਵੱਡਾ ਕਾਰਨ ਤੰਬਾਕੂ ਨੋਸ਼ੀ ਹੀ ਹੈ। ਜਿਸਨੂੰ ਖਾਮੋਸ਼ ਮੌਤ ਵੀ ਕਿਹਾ ਜਾਂਦਾ ਹੈ। ਆਓ ਅੱਜ ਆਪਾਂ ਪ੍ਰਣ ਕਰੀਏ ਕਿ ਨਾ ਤਾਂ ਆਪ ਤੰਬਾਕੂ ਨੋਸ਼ੀ ਕਰਾਂਗੇ ਅਤੇ ਜੋ ਵੀ ਅਪਣੇ ਦੋਸਤ ਰਿਸ਼ਤੇਦਾਰ ਜਾਂ ਜਾਣਕਾਰ ਕਰਦੇ ਹਨ ਉਨ੍ਹਾਂ ਨੂੰ ਵੀ ਤੰਬਾਕੂ ਛੱਡਣ ਲਈ ਪ੍ਰੇਰਿਤ ਕਰਾਂਗੇ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਤੋਂ ਸਮਾਜ ਨੂੰ ਬਚਾਵਾਂਗੇ।