ਸੰਗਰੂਰ, 21 ਮਈ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਮੰਤਰੀਆਂ ਦੀ ਜ਼ਿਲ੍ਹਾਵਾਰ ਡਿਊਟੀਆਂ ਲਗਾਉਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਰੋਨਾ ਮਰੀਜ਼ਾਂ ਨੂੰ ਦਵਾਈਆਂ ਤੇ ਆਕਸੀਜ਼ਨ ਦੇ ਨਾਲ ਮਿਆਰੀ ਸਿਹਤ ਸੰਭਾਲ ਸਹੂਲਤਾਂ ਮਿਲ ਸਕਣ।
ਸਰਦਾਰ ਬਾਦਲ ਇਥੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਆਕਸੀਜ਼ਨ ਕੰਸੈਂਟ੍ਰੇਟਰਾਂ ਨਾਲ ਲੈਸ 25 ਬੈਡਾਂ ਵਾਲੇ ਕੋਰੋਨਾ ਕੇਅਰ ਸੈਂਟਰ ਦਾ ਉਦਘਾਟਨ ਕਰਨ ਪਹੁੰਚੇ ਸਨ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਵੱਲੋਂ ਸੂਬੇ ਵਿਚ ਖੋਲਿ੍ਹਆ ਗਿਆ ਇਹ ਪੰਜਵਾਂ ਕੋਰੋਨਾ ਕੇਅਰ ਸੈਂਟਰ ਹੈ ਅਤੇ ਆਉਂਦੇ ਦਿਨਾਂ ਵਿਚ ਹੋਰ ਅਜਿਹੇ ਸੈਂਟਰ ਖੋਲ੍ਹੇ ਜਾਣਗੇ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਸਰਕਾਰ ਇਸ ਮੁਸ਼ਕਿਲ ਦੀ ਗੰਭੀਰਤਾ ਪ੍ਰਤੀ ਹਾਲ ਹੀ ਵਿਚ ਜਾਗੀ ਹੈ ਤੇ ਇਸਨੇ ਇਸ ਨਾਲ ਨਜਿੱਠਣ ਲਈ ਕੁਝ ਕਦਮਾਂ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਦਾ ਸਵਾਗਤ ਹੈ ਕਿ ਉਸਨੇ ਵੈਕਸੀਨ ਖਰੀਦਣ ਲਈ ਅਕਾਲੀ ਦਲ ਵੱਲੋਂ ਦਿੱਤੇ ਸੁਝਾਅ ਨੂੰ ਮੰਨਿਆ ਤੇ ਹੁਣ ਇਸ ਵਾਸਤੇ ਗਲੋਬਲ ਟੈਂਡਰ ਲਗਾਏ ਜਾ ਰਹੇ ਹਨ।
ਉਹਨਾਂ ਨੇ ਇਸ ਗੱਲ ’ਤੇ ਨਾਖੁਸ਼ੀ ਜ਼ਾਹਰ ਕੀਤੀ ਕਿ ਸਰਕਾਰ ਲਗਾਤਾਰ ਲਗਾਏ ਜਾ ਰਹੇ ਲਾਕ ਡਾਊਨ ਦੇ ਕਾਰਨ ਗੰਭੀਰ ਵਿੱਤੀ ਮੁਸ਼ਕਿਲਾਂ ਵਿਚ ਫਸੇ ਲੋਕਾਂ ਨੂੰ ਰਾਹਤ ਦੇਣ ਲਈ ਕੋਈ ਵੀ ਕਦਮ ਚੁੱਕਣ ਤੋਂ ਇਨਕਾਰੀ ਹੈ। ਉਹਨਾਂ ਕਿਹਾ ਕਿ ਸਰਕਾਰ ਨੁੰ ਤੁਰੰਤ ਘਰੇਲੂ ਤੇ ਉਦਯੋਗਿਕ ਖਪਤਕਾਰਾਂ ਲਈ ਛੇ ਮਹੀਨੇ ਦੇ ਬਿਜਲੀ ਬਿੱਲ ਮੁਆਫ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ ਤਾਂ ਜੋ ਵਪਾਰ ਤੇ ਉਦਯੋਗ ਦੇ ਨਾਲ ਨਾਲ ਮੱਧ ਵਰਗ ਤੇ ਕਰੀਬ ਨੂੰ ਮੌਜੂਦਾ ਸੰਕਟ ਨਾਲ ਨਜਿੱਠਣ ਵਿਚ ਸਹਾਇਤਾ ਦਿੱਤੀ ਜਾ ਸਕੇ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਅਕਾਲੀ ਦਲ ਦੇ ਇਸ ਸੁਝਾਅ ’ਤੇ ਵੀ ਕੋਈ ਕਾਰਵਾਈ ਲਈ ਕਿਹਾ ਕਿ ਸੂਬੇ ਦੇ ਸਾਰੇ 220 ਬਲਾਕਾਂ ਵਿਚ ਕੋਰੋਨਾ ਕੇਅਰ ਸੈਂਟਰ ਖੋਲ੍ਹੇ ਜਾਣ। ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਥੋੜ੍ਹੇ ਜਿਹੇ ਸਮੇਂ ਵਿਚ 11 ਕੋਰੋਨਾ ਸੈਂਟਰ ਖੋਲ੍ਹ ਸਕਦੀ ਹੈ ਤਾਂ ਫਿਰ ਸਰਕਾਰ ਤਾਂ ਪਿੰਡਾਂ ਵਿਚ ਐਮਰਜੰਸੀ ਮੈਡੀਕਲ ਸਹੂਲਤਾਂ ਵਾਸਤੇ ਸਾਰੇ ਬਲਾਕਾਂ ਵਿਚ ਕੋਰੋਨਾ ਸੈਂਟਰ ਬਣਾ ਸਕਦੀ ਹੈ। ਉਹਨਾਂ ਕਿਹਾ ਕਿ ਇਹ ਸਮੇਂ ਦੀ ਵੱਡੀ ਲੋੜ ਵੀ ਹੈ ਕਿਉਂਕਿ ਪਿੰਡਾਂ ਵਿਚ ਕੋਰੋਨਾ ਕੇਸਾਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰੀ ਇਮਾਰਤਾਂ ਤੇ ਇੰਡੋਰ ਸਟੇਡੀਅਮ ਇਸ ਮੰਤਵ ਵਾਸਤੇ ਵਰਤੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਲਗਾਤਾਰ ਵੱਧ ਰਹੇ ਬਲੈਕ ਫੰਗਸ ਦੇ ਕੇਸਾਂ ਨਾਲ ਨਜਿੱਠਣ ਵਾਸਤੇ ਵਿਸ਼ੇਸ਼ ਟੀਮਾਂ ਵੀ ਬਣਾਉਣੀਆਂ ਚਾਹੀਦੀਆਂ ਹਨ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਬਿਮਾਰੀ ਨਾਲ ਨਜਿੱਠਣ ਲਈ ਦਵਾੲਂਆਂ ਸਾਰੇ ਸੂਬੇ ਵਿਚ ਉਪਲਬਧ ਹੋਣ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ 50 ਹਜ਼ਾਰ ਵੈਕਸੀਨ ਡੋਜ਼ ਖਰੀਦਣ ਦੀ ਤਿਆਰੀ ਵਿਚ ਹੈ ਤੇ ਇਹ ਆਉਂਦੇ ਦਿਨਾਂ ਵਿਚ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕਰੇਗੀ। ਉਹਨਾਂ ਕਿਹਾ ਕਿ ਸਰਕਾਰ ਨੂੰ ਵੀ ਵੈਕਸੀਨ ਉਤਪਾਦਕਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਸੂਬੇ ਵਿਚ ਵੈਕਸੀਨ ਦੀ ਲੋੜ ਨੁੰ ਪੂਰਾ ਕਰਨ ਵਾਸਤੇ ਸਿੱਧਾ ਖਰੀਦ ਆਰਡਰ ਦੇਣੇ ਚਾਹੀਦੇ ਹਨ। ਉਹਨਾਂ ਨੇ ਜ਼ਿਆਦਾ ਸਰਗਰਮ ਲੋਕ ਪੱਖੀ ਵਾਰ ਰੂਮ ਬਣਾਉਣ ਬਣਾਉਣ ਦਾ ਵੀ ਸੁਝਾਅ ਦਿੱਤਾ ਜੋ ਕਿ ਕੋਰੋਨਾ ਮਹਾਮਾਰੀ ਦੌਰਾਨ ਸਪਲਾਈ ਚੁਣੌਤੀਆਂ ਨਾਲ ਨਜਿੱਠ ਸਕਦਾ ਹੋਵੇ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਸੂਬੇ ਵਿਚ ਜ਼ਿਲ੍ਹਾ ਤੇ ਸਬ ਡਵੀਜ਼ਨ ਪੱਧਰ ’ਤੇ ਸਿਹਤ ਸੰਭਾਲ ਸਹੂਲਤਾਂ ਨੁੰ ਅਪਗ੍ਰੇਡ ਕਰਨ ’ਤੇ ਤਰਜੀਹ ਦਿੱਤੀ ਜਾਵੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੂਬੇ ਦੇ 22 ਵਿਚੋਂ 17 ਜ਼ਿਲਿ੍ਹਆਂ ਵਿਚ ਆਈ ਸੀ ਯੂ ਸਹੂਲਤਾਂ ਹੀ ਨਹੀਂ ਹਨ। ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਨੂੰ ਤੁਰੰਤ ਦਰੁੱਸਤ ਕਰਨਾ ਚਾਹੀਦਾ ਹੈ। ਉਹਨਾਂ ਨੇ ਲੋਕਾਂ ਦਾ ਸਹੀ ਤੀਕੇ ਇਲਾਜ ਕਰ ਕੇ ਸੂਬੇ ਵਿਚ ਲੋਕਾਂ ਦੇ ਠੀਕ ਹੋਣ ਦੀ ਦਰ ਵਿਚ ਸੁਧਾਰ ਕਰਨ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ ਤੇ ਕਿਹਾ ਕਿ ਸਰਕਾਰ ਮੌਤਾਂ ਦੀ ਸਹੀ ਗਿਣਤੀ ਦੱਸਣ ਤੋਂ ਵੀ ਨਹੀਂ ਭੱਜਣਾ ਚਾਹੀਦਾ ਤੇ ਕਿਹਾ ਕਿ ਦੱਸੇ ਜਾ ਰਹੇ ਅੰਕੜਿਆਂ ਨਾਲੋਂ ਇਹ ਕਿਤੇ ਜ਼ਿਆਦਾ ਹਨ।
ਇਸ ਮੌਕੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ, ਇਕਬਾਲ ਸਿੰਘ ਝੂੰਦਾਂ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਪ੍ਰਕਾਸ਼ ਚੰਦ ਗਰਗ, ਬਲਦੇਵ ਸਿੰਘ ਮਾਨ, ਨੁਸਰਤ ਬੱਗੇ ਖਾਂ, ਗੁਲਜ਼ਾਰੀ ਮੂਣਕ ਤੇ ਵਿੱਨਰਜੀਤ ਗੋਲਡੀ ਵੀ ਹਾਜ਼ਰ ਸਨ।