ਫਰਿਜ਼ਨੋ (ਕੈਲੀਫੋਰਨੀਆ), 7 ਮਈ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿੱਚ ਮਨੁੱਖੀ ਤਸਕਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਸੈਂਕੜੇ ਵਿਅਕਤੀ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ ਕਰਦੇ ਹਨ। ਅਜਿਹੇ ਹੀ ਇੱਕ ਮਾਮਲੇ ਵਿੱਚ ਪੁਲਿਸ ਉਹਨਾਂ ਦਰਜਨਾਂ ਲੋਕਾਂ ਦੀ ਭਾਲ ਕਰ ਰਹੀ ਹੈ , ਜੋ ਕਿ ਸੰਭਾਵਿਤ ਤੌਰ ਤੇ ਪ੍ਰਵਾਸੀ ਮੰਨੇ ਜਾਂਦੇ ਹਨ। ਇਹ ਲੋਕ ਸੈਨ ਐਂਟੋਨੀਓ ਵਿੱਚ ਇੱਕ ਟਰੱਕ ਸਟਾਪ ਉੱਤੇ 18 ਪਹੀਆ ਵਾਹਨ ਦੇ ਪਿਛਲੇ ਪਾਸਿਓਂ ਨਿੱਕਲ ਕੇ ਪੈਦਲ ਭੱਜ ਗਏ ਸਨ। ਇਸ ਸੰਬੰਧੀ ਵੀਰਵਾਰ ਨੂੰ ਸ਼ਾਮ 6 ਵਜੇ ਤੋਂ ਬਾਅਦ ਸਿਟੀ ਐਮਰਜੈਂਸੀ ਯੂਨਿਟਾਂ ਨੇ ਆਈ -10 ਤੇ ਇੱਕ ਟਰੱਕ ਸਟਾਪ ਲਈ ਕਾਰਵਾਈ ਕੀਤੀ। ਸੈਨ ਐਂਟੋਨੀਓ ਪੁਲਿਸ ਵਿਭਾਗ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਡਰਾਈਵਿੰਗ ਕਰਨ ਵਾਲੇ ਵਿਅਕਤੀ ਦਾ ਇੱਕ ਫੋਨ ਆਇਆ ਜਿਸਨੇ ਇੱਕ ਵੱਡੇ ਟਰੱਕ ਦੇ ਬਾਰੇ ਆਪਣਾ ਸ਼ੱਕ ਪ੍ਰਗਟ ਕੀਤਾ ਕਿ ਟ੍ਰੇਲਰ ਵਿੱਚ ਅਜਿਹੇ ਲੋਕ ਵੀ ਹਨ ਜੋ ਸੰਭਾਵਤ ਤੌਰ ਤੇ ਤਸਕਰੀ ਕੀਤੇ ਜਾ ਰਹੇ ਸਨ। ਇਸ ਦੌਰਾਨ ਅਧਿਕਾਰੀਆਂ ਨੇ ਇੱਕ ਟ੍ਰੈਫਿਕ ਸਟਾਪ ਸ਼ੁਰੂ ਕੀਤਾ ਅਤੇ ਇਹ ਟਰੱਕ ਸਟਾਪ ਤੇ ਗਿਆ। ਉਸੇ ਵਕਤ, ਪੁਲਿਸ ਅਨੁਸਾਰ 80 ਤੋਂ 100 ਬਾਲਗ ਵਿਅਕਤੀ ਟਰੱਕ ਤੋਂ ਛਾਲ ਮਾਰ ਕੇ ਭੱਜ ਗਏ। ਪੁਲਿਸ ਨੇ ਕਾਰਵਾਈ ਕਰਦਿਆਂ ਸਵੇਰੇ 8: 45 ਵਜੇ ਤੱਕ ਤਕਰੀਬਨ 29 ਆਦਮੀ ਅਤੇ ਔਰਤਾਂ ਨੂੰ ਫੜ ਲਿਆ ਹੈ ਜਦਕਿ ਬਾਕੀ ਅਜੇ ਫਰਾਰ ਹਨ। ਟਰੱਕ ਦਾ ਡਰਾਈਵਰ, ਜਿਸਦੀ ਪਛਾਣ ਕੇਵਲ 49 ਸਾਲਾਂ ਵਿਅਕਤੀ ਵਜੋਂ ਹੋਈ ਹੈ, ਹਿਰਾਸਤ ਵਿੱਚ ਹੈ, ਅਤੇ ਅਮਰੀਕਾ ਦੇ ਹੋਮਲੈਂਡ ਸਿਕਿਓਰਿਟੀ ਅਧਿਕਾਰੀ ਇਸ ਮਾਮਲੇ ਦੀ ਜਾਂਚ ਦੀ ਅਗਵਾਈ ਕਰ ਰਹੇ ਹਨ।