ਬਠਿੰਡਾ, 4 ਮਈ (ਗੁਰਜੀਤ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ) ਪੰਜਾਬ ਬਠਿੰਡਾ ਡਾ.ਬਹਾਦਰ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਉਣੀ ਦੀ ਰੁੱਤ ਵਿੱਚ ਖੇਤੀ ਵਿਭਿੰਨਤਾ ਅਧੀਨ ਵੱਧ ਤੋਂ ਵੱਧ ਰਕਬੇ ਵਿੱਚ ਦਾਲਾਂ ਦੀਆਂ ਫਸਲਾਂ ਦੀ ਬਿਜਾਈ ਕੀਤੀ ਜਾਵੇ। ਇਨਾਂ ਫਸਲਾਂ ਲਈ ਪਾਣੀ ਦੀ ਜ਼ਰੂਰਤ ਘੱਟ ਹੁੰਦੀ ਹੈ ਅਤੇ ਖੇਤ ਦੀ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਾਉਂਦੀਆਂ ਹਨ।
ਉਨਾਂ ਨੇ ਦੱਸਿਆ ਕਿ ਸਾਉਣੀ ਰੁੱਤ ਵਿੱਚ ਪੰਜਾਬ ਵਿੱਚ ਅਰਹਰ, ਮੂੰਗੀ, ਮਾਂਹ ਦੀਆਂ ਫਸਲਾਂ ਦੀ ਬਿਜਾਈ ਬੜੀ ਕਾਮਯਾਬੀ ਨਾਲ ਕੀਤੀ ਜਾ ਸਕਦੀ ਹੈ। ਅਰਹਰ ਦੀਆਂ ਉੱਨਤ ਕਿਸਮਾਂ ਏ.ਐਲ.882, ਪੀ.ਏ.ਯੂ.881 ਅਤੇ ਏ.ਐਲ.201 ਦੀ ਬਿਜਾਈ ਮਈ ਦੇ ਦੂਸਰੇ ਪੰਦਰਵਾੜੇ ਵਿੱਚ ਅਤੇ ਮੂੰਗੀ ਦੀਆਂ ਉਨਤ ਕਿਸਮਾਂ ਐਮ.ਐਲ 1808, ਐਮ.ਐਲ.2056 ਅਤੇ ਐਮ.ਐਲ 818 ਦੀ ਬਿਜਾਈ ਜੁਲਾਈ ਦੇ ਦੂਜੇ ਪੰਦਰਵਾੜੇ ਵਿੱਚ ਕੀਤੀ ਜਾ ਸਕਦੀ ਹੈ। ਇਸੇ ਤਰਾਂ ਮਾਂਹ ਦੀ ਫਸਲ ਦੀਆਂ ਉਨੱਤ ਕਿਸਮਾਂ ਮਾਂਹ 114 ਅਤੇ ਮਾਂਹ 338 ਦੀ ਬਿਜਾਈ ਜੂਨ ਦੇ ਆਖਰੀ ਹਫਤੇ ਤੋਂ ਜੁਲਾਈ ਦੇ ਪਹਿਲੇ ਹਫਤੇ ਤੱਕ ਕਰ ਦੇਣੀ ਚਾਹੀਦੀ ਹੈ।
ਖੇਤੀਬਾੜੀ ਵਿਕਾਸ ਅਫ਼ਸਰ (ਦਾਲਾਂ) ਡਾ.ਨਵਰਤਨ ਕੌਰ ਨੇ ਕਿਸਾਨਾਂ ਨੰੂ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਝਾੜ ਲੈਣ ਲਈ ਅਤੇ ਬਿਮਾਰੀਆਂ ਤੋਂ ਫਸਲ ਨੂੰ ਬਚਾਉਣ ਲਈ ਕੇਵਲ ਪ੍ਰਮਾਨਿਤ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ। ਉਨਾਂ ਨੇ ਦੱਸਿਆ ਕਿ ਬੀਜ ਨੰੂ ਟੀਕਾ ਲਗਾ ਕੇ ਬੀਜਣ ਨਾਲ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਸਾਨ ਵੀਰ ਮੂੰਗੀ ਅਤੇ ਅਰਹਰ ਜਾਂ ਮੱਕੀ ਅਤੇ ਮਾਂਹ ਆਦਿ ਨੰੂ ਰਲਵੀਂ ਫਸਲ ਦੇ ਤੌਰ ਤੇ ਵੀ ਬਿਜਾਈ ਕਰ ਸਕਦੇ ਹਨ। ਇਸ ਤਰੀਕੇ ਨਾਲ ਕਿਸਾਨ ਜ਼ਿਆਦਾ ਆਰਥਿਕ ਲਾਭ ਪ੍ਰਾਪਤ ਕਰ ਸਕਦੇ ਹਨ।