ਬਠਿੰਡਾ, 23 ਅਪ੍ਰੈਲ (ਜਸਪ੍ਰੀਤ): ਕੋਰੋਨਾ ਮਹਾਂਮਾਰੀ ਦੇ ਵੱਧਦੇ ਆਂਕੜਿਆਂ ਦੇ ਚੱਲਦੇ ਸੂਬਾ ਸਰਕਾਰ ਵੱਲੋਂ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ, ਜਿੰਨ੍ਹਾਂ ਵਿੱਚ ਵਿਆਹ, ਸ਼ਾਦੀ ਅਤੇ ਹੋਰਨਾਂ ਫੰਕਸ਼ਨਾ ਦੌਰਾਨ ਭੀੜ ਨਾ ਕਰਨਾ ਅਤੇ ਮਹਿਮਾਨਾਂ ਦੀ ਸੀਮਤ ਗਿਣਤੀ ਰੱਖਣਾ ਸ਼ਾਮਿਲ ਹੈ।ਇਸੇ ਦੇ ਚੱਲਦਿਆਂ ਜਿੰਨ੍ਹਾਂ ਲੋਕਾਂ ਵੱਲੋਂ ਇਸ ਸ਼ਨੀਵਾਰ, ਐਤਵਾਰ ਨੂੰ ਪਹਿਲਾਂ ਤੋਂ ਹੀ ਆਪਣੇ ਵਿਆਹ ਸ਼ਾਦੀ ਜਾਂ ਮੰਗਣੇ ਆਦਿ ਦੇ ਪਰਿਵਾਰਕ ਫੰਕਸ਼ਨ ਰੱਖੇ ਹੋਏ ਸਨ, ਉਨ੍ਹਾਂ ਲਈ ਵੱਡੀ ਸਮੱਸਿਆ ਬਣ ਗਈ।ਜਾਣਕਾਰੀ ਮੁਤਾਬਕ ਸ਼ੁਕਰਵਾਰ ਨੂੰ ਲੋਕਾਂ ਨੂੰ ਖੜੇ ਪੈਰੀਂ ਆਪਣੇ ਪ੍ਰੋਗਰਾਮ ਵਿੱਚ ਤਬਦੀਲੀ ਕਰਨੀ ਪਈ ਅਤੇ ਮਹਿਮਾਨਾ ਦੀ ਗਿਣਤੀ ਘਟਾਉਣ ਦੇ ਨਾਲ ਨਾਲ ਸਰਕਾਰੀ ਮਨਜੂਰੀ ਪ੍ਰਾਪਤ ਕਰਨ ਲਈ ਵੀ ਭੱਜ ਨੱਠ ਕਰਨੀ ਪਈ। ਇਸ ਬਾਰੇ ਪਤਾ ਕਰਦਿਆਂ ਜਦੋਂ ਰੇਡੀਓ ਪੰਜਾਬ ਟੂਡੇ ਦੀ ਟੀਮ ਵੱਲੋਂ ਸਥਾਨਕ ਡੀਸੀ ਦਫਤਰ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਕਿ ਸ਼ਾਮ ਦੇ 5 ਵੱਜਣ ਦੇ ਬਾਵਜੂਦ ਵੀ ਲਗਾਤਾਰ ਲੋਕਾਂ ਦਾ ਆਉਣਾ ਜਾਰੀ ਸੀ ਜੋ ਆਪਣੇ ਪਰਿਵਾਰ’ਚ ਰੱਖੇ ਹੋਏ ਪ੍ਰੋਗਰਾਮ ਸਬੰਧੀ ਮਨਜੂਰੀ ਲੈਣ ਲਈ ਪਹੁੰਚ ਰਹੇ ਸਨ। ਇਸ ਮੌਕੇ ਗੱਲ੍ਹਬਾਤ ਕਰਨ ਤੇ ਪਤਾ ਲੱਗਿਆ ਕਿ ਨਵੇਂ ਜਾਰੀ ਹੋਏ ਨਿਯਮਾਂ ਮੁਤਾਬਿਕ 10 ਲੋਕਾਂ ਵਾਲੇ ਪ੍ਰੋਗਰਾਮ ਬਿਨਾ ਮਨਜੂਰੀ ਜਦਕਿ 20 ਮਹਿਮਾਨਾ ਵਾਲੇ ਫੰਕਸ਼ਨ ਲਈ ਲਿਖਤੀ ਮਨਜੂਰੀ ਦੀ ਜਰੂਰਤ ਹੈ। ਇਹ ਜਾਣਕਾਰੀ ਜਿਵੇਂ ਹੀ ਲੋਕਾਂ ਨੂੰ ਮਿਲ ਰਹੀ ਸੀ ਉਹ ਮਨਜੂਰੀ ਲੈਣ ਲਈ ਪਹੁੰਚ ਰਹੇ ਸਨ। ਇਸ ਕਰਕੇ ਸ਼ੁੱਕਰਵਾਰ ਸਵੇਰ ਤੋਂ ਹੀ ਦਫਤਰ ਵਿੱਚ ਲੋਕਾਂ ਦੀ ਆਉਣੀ ਜਾਣੀ ਬਣੀ ਰਹੀ।
ਇਸ ਮੌਕੇ ਮੌਜੂਦ ਮੁਲਾਜਮਾਂ ਨੇ ਦੱਸਿਆ ਕਿ ਸਵੇਰ ਤੋਂ ਹੀ ਲੋਕ ਬੇਨਤੀਆਂ ਲੈ ਕੇ ਪਹੁੰਚ ਰਹੇ ਹਨ ਅਤੇ ਕੰਮ ਇਸ ਕਦਰ ਵੱਧ ਗਿਆ ਕਿ ਉਨ੍ਹਾਂ ਨੂੰ ਦੁਪਹਿਰ ਦਾ ਖਾਣਾ ਖਾਣ ਦੀ ਵੀ ਵਿਹਲ ਮਿਲੀ। ਉਨ੍ਹਾਂ ਦੱਸਿਆ ਕਿ ਇਸ ਹਫਤੇ ਦੇ ਵੀਕੈਂਡ ਲਈ ਸ਼ੁੱਕਰਵਾਰ ਸ਼ਾਮ ਤੱਕ 2 ਦਰਜਨ ਤੋਂ ਵੀ ਵੱਧ ਪ੍ਰੋਗਰਾਮਾਂ ਦੀ ਮਨਜੂਰੀ ਲੈਣ ਸਬੰਧੀ ਦਰਖਾਸਤਾਂ ਆ ਚੁੱਕੀਆਂ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਕਾਰਨ ਇਹ ਗਿਣਤੀ ਹੋਰ ਵੀ ਵਧਣ ਦੀ ਸੰਭਾਵਨਾ ਹੈ। ਮਨਜੂਰੀ ਲੈਣ ਪਹੁੰਚੇ ਲੋਕਾਂ ਵਿੱਚੋਂ ਸਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਰਿੰਗ ਸੈਰੇਮਨੀ ਦਾ ਫੰਕਸ਼ਨ ਰੱਖਿਆ ਹੋਇਆ ਹੈ, ਜਿਸ ਵਿੱਚ ਮਹਿਮਾਨਾਂ ਦੀ ਘੱਟ ਕਰਕੇ 20 ਉਨ੍ਹਾਂ ਪਹਿਲਾਂ ਹੀ ਕਰ ਦਿੱਤੀ ਸੀ ਪ੍ਰੰਤੂ ਇਸ ਬਾਰੇ ਮਨਜੂਰੀ ਲੈਣ ਬਾਰੇ ਜਾਣਕਾਰੀ ਉਨ੍ਹਾਂ ਨੂੰ ਬਾਅਦ-ਦੁਪਹਿਰ ‘ਚ ਮਿਲੀ ਅਤੇ ਉਹ ਉਸੇ ਵੇਲੇ ਤੋਂ ਹੀ ਬਾਕੀ ਸਭ ਕੰਮ ਛੱਡ ਇਸ ਪਾਸੇ ਲੱਗ ਗਏ। ਹਾਲਾਂਕਿ ਕੰਮ ਪੂਰਾ ਹੋਣ ਦੇ ਚੱਲਦਿਆਂ ਉਨ੍ਹਾਂ ਚੈਨ ਦਾ ਸਾਹ ਜਰੂਰ ਲਿਆ।