ਫਾਜ਼ਿਲਕਾ 10 ਅਪੈ੍ਲ (ਰਿਤਿਸ਼) – ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਦੋਨਾ ਨਾਨਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੇ ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ ਲਈ ਅੱਜ ਦੋਨਾ ਨਾਨਕਾ ਦੀ ਸੱਥ ਵਿਖੇ ਪਿੰਡ ਦੇ ਪਤਵੰਤਿਆਂ ਅੱਗੇ ਦਾਖਲਾ ਮੁਹਿੰਮ ਨੁੱਕੜ ਨਾਟਕ ਈਚ ਵੰਨ ਬਰਿੰਗ ਵੰਨ ਰਾਹੀਂ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸੁਵਿਧਾਵਾਂ ਅਤੇ ਪੜਾਈ ਸੰਬੰਧੀ ਗੱਲਾਂ ਪੇਸ਼ ਕੀਤੀਆਂ। ਇਸ ਨਾਟਕ ਨੂੰ ਸਕੂਲ ਦੇ ਅਧਿਆਪਕ ਸੁਨੀਲ ਕੁਮਾਰ ਨੇ ਵਿਸ਼ੇਸ਼ ਤੋਰ ਤੇ ਲਿਖਿਆ , ਡਰੈਕਟ ਕੀਤਾ ਅਤੇ ਬੱਚਿਆਂ ਦੇ ਸਹਿਯੋਗ ਨਾਲ ਇਸ ਦਾ ਮੰਚਨ ਕੀਤਾ ਜਾ ਰਿਹਾ ਹੈ । ਇਸ ਮੌਕੇ ਪਿੰਡ ਵਾਸੀਆਂ ਅਤੇ ਪਤਵੰਤਿਆਂ ਨੂੰ ਸਕੂਲ ਮੁੱਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਸਰਕਾਰੀ ਸਕੂਲਾਂ ਵਿੱਚ ਬਹੁਤ ਤਬਦੀਲੀਆਂ ਆ ਚੁੱਕੀਆਂ ਹਨ ਅਤੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਉੱਚ ਪਾਏ ਦੀਆਂ ਸੁਵਿਧਾਵਾਂ ਵੀ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਈ-ਕੰਟੈਂਟ ਅਤੇ ਪ੍ਰੋਜੈਕਟਰ ਦੁਆਰਾ ਪੜ੍ਹਾਈ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦਾ ਸਾਫ਼ ਸੁਥਰਾ ਵਾਤਾਵਰਨ, ਖੇਡਾਂ ਦਾ ਪ੍ਰਬੰਧ ਸ਼ਾਨਦਾਰ ਬਿਲਡਿੰਗ ਮੌਜੂਦ ਹੈ।ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ਲਈ ਸਹਿ ਵਿੱਦਿਅਕ ਕਿਰਿਆਵਾਂ ਗਿੱਧਾ, ਭੰਗੜਾ, ਨਾਟਕ, ਖੇਡਾਂ, ਵਿੱਦਿਅਕ ਟੂਰ, ਭਾਸ਼ਨ ਅਤੇ ਹੋਰ ਵਿੱਦਿਅਕ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਮਾਧਿਅਮ ਰਾਹੀਂ ਵੀ ਸਿੱਖਿਆ ਦਿੱਤੀ ਜਾ ਰਹੀ ਹੈ। ਸਰਕਾਰੀ ਸਕੂਲਾਂ ਦੇ ਬੱਚੇ ਫਰਾਟੇਦਾਰ ਅੰਗਰੇਜੀ ਬੋਲਣ ਲੱਗੇ ਹਨ। ਇਸ ਨੁੱਕੜ ਨਾਟਕ ਵਿੱਚ ਸਭ ਸਹੂਲਤਾਂ ਬਾਰੇ ਬਾਖੂਬੀ ਦੱਸਿਆ ਗਿਆ। ਸਕੂਲ ਦੇ ਵਿਦਿਆਰਥੀਆਂ ਸੰਜਨਾ ਰਾਣੀ, ਸਾਨਿਆ, ਗੁਰਵਿੰਦਰ ਸਿੰਘ, ਪ੍ਰਿਅੰਕਾ ਰਾਣੀ, ਅਭਿਸ਼ੇਕ ਸਿੰਘ ,ਰਿਪਨ ਸਿੰਘ ,ਕਾਜਲ ਰਾਣੀ, ਕੋਮਲ ਰਾਣੀ, ਸੁਖਮਨਪ੍ਰੀਤ ਕੌਰ,ਰਿਮਜ ਕੌਰ ,ਸੰਦੀਪ ਸਿੰਘ ,ਸਾਨੀਆ ਨੰਨ੍ਹੇ ਕਲਾਕਾਰਾਂ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾਂ ਹੈ। ਇਹ ਨਾਟਕ ਮੰਡਲੀ ਵੱਲੋ ਦੋਨਾ ਨਾਨਕਾ, ਭੈਣੀ ਰਾਮ ਸਿੰਘ ਸਮੇਤ ਆਸ ਪਾਸ ਦੇ ਪਿੰਡਾਂ ਵਿੱਚ ਨੁੱਕੜ ਨਾਟਕ ਖੇਡੇ ਜਾ ਰਹੇ ਹਨ। ਇਸ ਮੌਕੇ ਪਿੰਡ ਦੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮੰਗਤ ਸਿੰਘ ਮੈਂਬਰ, ਡਾ. ਸੁਰੇਸ਼, ਬਲਵਿੰਦਰ ਸਿੰਘ ,ਸਕੂਲ ਦੇ ਸਟਾਫ਼ ,ਸੁਖਦੇਵ ਸਿੰਘ, ਮੈਡਮ ਸ਼ਬਨਮ ਸੁਖਵਿੰਦਰ ਸਿੰਘ,ਕੁਲਦੀਪ ਕੁਮਾਰ, ਕਰਨ ਸ਼ਾਹ ਵੱਲੋ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ।