ਫਾਜ਼ਿਲਕਾ, 9 ਅਪ੍ਰੈਲ (ਰਿਤਿਸ਼) – ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਫਾਜ਼ਿਲਕਾ ਨਗਰ ਪਾਲਿਕਾ ਦੇ ਨਵੇਂ ਚੁਣੇ ਕੌਂਸਲਰਾਂ ਨਾਲ ਬੈਠਕ ਕਰਕੇ ਉਨਾਂ ਦੀ ਰਾਏ ਲਈ ਜਿਸ ਅਨੁਸਾਰ ਸੁਰਿੰਦਰ ਸਚਦੇਵਾ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਉਨਾਂ ਨੂੰ ਜਿੰਮੇਵਾਰੀ ਲਗਈ ਗਈ ਸੀ ਕਿ ਪਾਰਟੀ ਦੇ ਨਵੇਂ ਚੁਣੇ ਗਏ ਕੌਂਸਲਰਾਂ ਦੀ ਰਾਏ ਲੈ ਕੇ ਉਨਾਂ ਦੀ ਰਾਏ ਅਨੁਸਾਰ ਨਗਰ ਪਲਿਕਾ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇ। ਉਨਾਂ ਨੇ ਇਸ ਮੌਕੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸ਼ਹਿਰਾਂ ਦੇ ਵਿਕਾਸ ਤੇ ਵਿਸੇਸ਼ ਤੱਵਜੋਂ ਦਿੱਤੀ ਜਾ ਰਹੀ ਹੈ ਅਤੇ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਤਹਿਤ ਸ਼ਹਿਰਾਂ ਦੇ ਵਿਕਾਸ ਦੇ ਪ੍ਰੋਜੈਕਟ ਤਿਆਰ ਕਰਕੇ ਲਾਗੂ ਕੀਤੇ ਜਾ ਰਹੇ ਹਨ। ਉਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਸ਼ਹਿਰਾਂ ਦੇ ਵਿਕਾਸ ਲਈ ਫੰਡ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪਾਰਟੀ ਵਿਚ ਲੋਕਤਾਂਤਰਿਕ ਤਰੀਕੇ ਨਾਲ ਨਵੇਂ ਕੌਂਸਲਰਾਂ ਦੀ ਰਾਏ ਲਈ ਗਈ ਜਿਸ ਅਨੁਸਾਰ ਇਹ ਚੋਣ ਹੋਈ ਹੈ। ਜਿਸ ਵਿਚ ਸੁਰਿੰਦਰ ਸਚਦੇਵਾ ਨੂੰ ਪ੍ਰਧਾਨ ਚੁਣੇ ਜਾਣ ਤੋਂ ਇਲਾਵਾ ਸ੍ਰੀ ਬਾਬੂ ਲਾਲ ਨੂੰ ਸੀਨਿਅਰ ਮੀਤ ਪ੍ਰਧਾਨ ਅਤੇ ਡਾ: ਨਿਸ਼ੁ ਡੋਗਰਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਪਹਿਲਾਂ ਫਾਜ਼ਿਲਕਾ ਦੇ ਐਸ.ਡੀ.ਐਮ. ਸ੍ਰੀ ਕੇਸਵ ਗੋਇਲ ਨੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਅਹੁਦੇ ਦੀ ਸਹੰੁ ਚੁਕਾਈ।
ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਦਵਿੰਦਰ ਸਿੰਘ ਘੁਬਾਇਆ, ਸਾਬਕਾ ਸਾਂਸਦ ਸ੍ਰੀ ਸ਼ੇਰ ਸਿੰਘ ਘੁੁਬਾਇਆ, ਜ਼ਿਲਾ ਕਾਂਗਰਸ ਦੇ ਪ੍ਰਧਾਨ ਸ੍ਰੀ ਰੰਜਮ ਕਾਮਰਾ, ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ
, ਐਸ.ਐਸ.ਪੀ. ਸ: ਹਰਜੀਤ ਸਿੰਘ ਵੀ ਹਾਜਰ ਸਨ।
ਇਸ ਤੋਂ ਬਾਅਦ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਵਿਸੇਸ਼ ਤੌਰ ਤੇ ਸ਼ਹੀਦਾਂ ਦੀ ਸਮਾਧੀ ਵਿਖੇ ਵੀ ਗਏ ਅਤੇ ਇੱਥੇ 1971 ਦੀ ਜੰਗ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਵੀਰ ਜਵਾਨਾਂ ਨੂੰ ਆਪਣੀ ਸ਼ਰਧਾ ਭੇਂਟ ਕੀਤੀ। ਉਨਾਂ ਨੇ ਇਸ ਮੌਕੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇੱਥੇ ਸ਼ਹੀਦਾਂ ਦੀ ਯਾਦਗਾਰ ਲਈ 39 ਲੱਖ ਰੁਪਏ ਦੀ ਗ੍ਰਾਂਟ ਮੰਜੂਰ ਕੀਤੀ ਗਈ ਹੈ ਜਿਸ ਨਾਲ ਇੱਥੇ ਹਿੰਦ ਪਾਕਿ ਜੰਗ ਦੀ 50ਵੀਂ ਵਰੇਗੰਢ ਮੌਕੇ 71 ਫੁੱਟ ਉੱਚੀ ਯਾਦਗਾਰ ਉਸਾਰੀ ਜਾਵੇਗੀ।