ਸੰਗਰੂਰ, 6 ਅਪ੍ਰੈਲ – ਜ਼ਿਲੇ ਦੇ ਕਿਸਾਨ ਸਾਫ਼-ਸੁਥਰੀ ਅਤੇ ਸੁੱਕੀ ਫ਼ਸਲ ਹੀ ਮੰਡੀਆਂ ਵਿੱਚ ਵੇਚਣ ਲਈ ਲੈ ਕੇ ਆਉਣ ਤਾਂ ਜੋ ਕਿਸਾਨਾਂ ਨੂੰ ਮੰਡੀਕਰਨ ਦੌਰਾਨ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਪਾਲ ਸਿੰਘ ਗਰੇਵਾਲ ਨੇ ਕੀਤਾ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜ਼ਿਲੇ ਵਿੱਚ ਕਿਸਾਨਾਂ ਵੱਲੋਂ 2 ਲੱਖ 91 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਵਾਢੀ ਕਰਦੇ ਸਮੇਂ ਨਮੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਂਦਾ ਹੈ। ਕਣਕ ਦੀ ਕਟਾਈ ਫ਼ਸਲ ਦੇ ਪੂਰੀ ਤਰਾ ਪੱਕਣ ਤੇ ਹੀ ਕਰਨੀ ਚਾਹੀਦੀ ਹੈ ਤਾਂ ਜੋ ਉਪਜ ਦੇ ਮਿਆਰੀਪਣ ’ਤੇ ਕੋਈ ਮਾੜਾ ਅਸਰ ਨਾ ਪਵੇ। ਉਨਾਂ ਦੱਸਿਆ ਕਿ ਕਣਕ ਦੇ ਦਾਣਿਆਂ ਵਿੱਚ ਨਮੀ 12 ਫ਼ੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਂਦੀ ਕਿੳਂੁਕਿ ਜ਼ਿਆਦਾ ਨਮੀ ਕਾਰਨ ਮੰਡੀ ਵਿੱਚ ਕਣਕ ਵੇਚਣ ਸਮੇ ਕੁਆਲਿਟੀ ਕੱਟ ਲੱਗ ਸਕਦਾ ਹੈ ਜਿਸ ਨਾਲ ਜਿਣਸ ਦੀ ਪੂਰੀ ਕੀਮਤ ਨਹੀਂ ਮਿਲਦੀ। ਉਨਾਂ ਦੱਸਿਆ ਕਿ ਨਮੀ ਦੀ ਸਵੈ-ਜਾਂਚ ਲਈ ਕਣਕ ਦੇ ਦਾਣੇ ਦੰਦਾਂ ਨਾਲ ਚਬਾਉਣ ਤੇ ਜੇਕਰ ਕੜਕ ਕਰਕੇ ਟੁੱਟਣ ਤਾਂ ਸਮਝੋ ਕਿ ਨਮੀ ਦੀ ਮਾਤਰਾ ਪੂਰੀ ਹੈ ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਹੋਰ ਸੁਕਾਉਣ ਦੀ ਜ਼ਰੂਰਤ ਹੈ।
ਡਾ. ਗਰੇਵਾਲ ਨੇ ਦੱਸਿਆ ਕਿ ਕਣਕ ਦੀ ਕਟਾਈ ਮੌਕੇ ਜੀਓ ਸਵਿੱਚ, ਬਿਜਲੀ ਦੀਆਂ ਤਾਰਾਂ ਢਿੱਲੀਆਂ ਜਾਂ ਨੀਵੀਆਂ ਹੋਣ ਕਾਰਨ ਸਪਾਰਕਿੰਗ ਨਾਲ ਅੱਗ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਬਿਜਲੀ ਦੀ ਕਿਸੇ ਵੀ ਸਮੱਸਿਆ ਸਬੰਧੀ ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਲਿਮਟਡ ਦੇ ਧਿਆਨ ਵਿੱਚ ਲਿਆ ਕੇ ਇਸ ਦਾ ਹੱਲ ਕਰਵਾਇਆ ਜਾਵੇ ਤਾਂ ਜੋ ਬਿਜਲੀ ਦੀ ਸਪਾਰਕਿੰਗ ਕਾਰਨ ਲੱਗਣ ਵਾਲੀ ਕਣਕ ਦੀ ਅੱਗ ਨੂੰ ਰੋਕਿਆ ਜਾ ਸਕੇ। ਉਨਾਂ ਦੱਸਿਆ ਕਿ ਟਰਾਂਸਫ਼ਾਰਮਰ ਦੇ ਆਲੇ-ਦੁਆਲਿਓਂ ਇੱਕ ਤੋ ਡੇਢ ਮਰਲਾ ਕਣਕ ਪਹਿਲਾਂ ਹੀ ਕੱਟ ਲਈ ਜਾਵੇ ਅਤੇ ਟਰਾਂਸਫ਼ਾਰਮਰ ਦਾ ਸਵਿੱਚ ਵੀ ਪਹਿਲਾਂ ਹੀ ਕੱਟ ਦਿੱਤਾ ਜਾਵੇ ਤਾਂ ਜੋ ਅੱਗ ਲੱਗਣ ਤੋ ਬਚਾਅ ਹੋ ਸਕੇ।
ਉਨਾਂ ਦੱਸਿਆ ਕਿ ਕਣਕ ਦੀ ਕਟਾਈ ਦਾ ਕੰਮ ਮੁਕੰਮਲ ਹੋਣ ਉਪਰੰਤ ਹੀ ਤੂੜੀ ਬਣਾਉਣ ਲਈ ਰੀਪਰ ਦੀ ਵਰਤੋਂ ਕੀਤੀ ਜਾਵੇ ਕਿਉਂਕਿ ਕਈ ਵਾਰ ਕਣਕ ਦਾ ਨਾੜ ਗਿੱਲਾ ਹੋਣ ਕਾਰਨ ਤੂੜੀ ਬਣਾਉਂਦੇ ਸਮੇਂ ਰਗੜ ਨਾਲ ਨਾੜ ਨੂੰ ਅੱਗ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨਾਂ ਕਿਹਾ ਕਿ ਕਿਸਾਨ ਆਪਣੇ ਟਿਊਬਵੈੱਲਾਂ ਦੇ ਚੁਬੱਚਿਆਂ, ਟਰੈਕਟਰਾਂ ਅਤੇ ਮੋਟਰ ਵਾਲੇੇ ਸਪਰੇਅ ਪੰਪਾਂ ਦੀਆਂ ਟੈਂਕੀਆਂ ਵਿੱਚ ਵੀ ਪਾਣੀ ਭਰ ਕੇ ਰੱਖਣ ਤਾਂ ਜੋ ਕਿ ਕਿਸੇ ਵੀ ਸੰਕਟਕਾਲੀਨ ਹਾਲਤ ਵਿੱਚ ਪਾਣੀ ਦੀ ਵਰਤੋਂ ਕੀਤੀ ਜਾ ਸਕੇ। ਹਰੇਕ ਕਿਸਾਨ ਨੂੰ ਅੱਗ ਬੁਝਾਊ ਮਹਿਕਮੇ ਦਾ ਨੰਬਰ 101 ਅਤੇ ਪਿੰਡ ਵਿੱਚ ਗੁਰਦੁਆਰਿਆਂ, ਮੰਦਰਾਂ ਅਤੇ ਮਸੀਤਾਂ ਦੇ ਗ੍ਰੰਥੀ, ਪੁਜ਼ਾਰੀਆਂ ਅਤੇ ਮੌਲਵੀਆਂ ਆਦਿ ਦਾ ਨੰਬਰ ਵੀ ਨੋਟ ਰੱਖਣਾ ਚਾਹੀਂਦਾ ਹੈ ਤਾਂ ਜੋ ਜ਼ਰੂਰਤ ਪੈਣ ’ਤੇ ਤੁਰੰਤ ਰਾਬਤਾ ਕਾਇਮ ਕਰਕੇ ਲੱਗੀ ਅੱਗ ਨੂੰ ਕਾਬੂ ਪਾਇਆ ਜਾ ਸਕੇ।