Menu

ਫਾਜ਼ਿਲਕਾ ਜ਼ਿਲੇ ਦੀ ਥੇਹਕਲੰਦਰ ਗ੍ਰਾਮ ਪੰਚਾਇਤ ਨੇ ਜਿੱਤਿਆ ਦੀਨਦਿਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਪੁਰਸਕਾਰ

ਫਾਜ਼ਿਲਕਾ, 5 ਅਪ੍ਰੈਲ (ਰਿਤਿਸ਼) – ਫਾਜ਼ਿਲਕਾ ਜ਼ਿਲੇ ਦੇ ਪਿੰਡ ਥੇਹਕਲੰਦਰ ਦੀ ਗ੍ਰਾਮ ਪੰਚਾਇਤ ਨੇ ਦੀਨਦਿਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਜਿੱਤਿਆ ਹੈ। ਇਸ ਪੁਰਸਕਾਰ ਲਈ ਭਾਰਤ ਸਰਕਾਰ ਚੋਣ ਕਰਦੀ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ। ਇਸ ਤਹਿਤ ਪਿੰਡ ਨੂੰ 10 ਲੱਖ ਰੁਪਏ ਦਾ ਇਨਾਮ ਮਿਲੇਗਾ। ਡਿਪਟੀ ਕਮਿਸ਼ਨਰ ਨੇ ਗ੍ਰਾਮ ਪੰਚਾਇਤ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਨਵਲ ਰਾਮ ਨੇ ਦੱਸਿਆ ਕਿ ਪਿੰਡ ਦੀ ਮਹਿਲਾ ਸਰਪੰਚ ਰੁਪਿੰਦਰ ਕੌਰ ਦੀ ਅਗਵਾਈ ਵਿਚ ਪੂਰੀ ਪੰਚਾਇਤ ਨੇ ਮਿਲ ਕੇ ਕੰਮ ਕਰਦਿਆਂ ਇਹ ਵਕਾਰੀ ਇਨਾਮ ਜਿੱਤਿਆ ਹੈ। ਉਨਾਂ ਨੇ ਕਿਹਾ ਕਿ ਇਹ ਪਿੰਡ ਹੋਰਨਾਂ ਲਈ ਮਿਸਾਲ ਬਣ ਕੇ ਉਭਰਿਆ ਹੈ।
ਪਿੰਡ ਦੀ ਸਰਪੰਚ ਰੁਪਿੰਦਰ ਕੌਰ ਨੇ ਦੱਸਿਆ ਕਿ ਪਿੱਛਲੇ ਲਗਭਗ ਇਕ ਸਾਲ ਦੌਰਾਨ ਪਿੰਡ ਵਾਸੀਆਂ ਅਤੇ ਪੰਚਾਂ ਦੇ ਸਹਿਯੋਗ ਨਾਲ ਵਿਕਾਸ ਦੀ ਜੋ ਗਾਥਾ ਲਿਖੀ ਗਈ ਹੈ ਉਸ ਸਫਲਤਾ ਲਈ ਉਹ ਹਲਕਾ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ, ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਬੀਡੀਪੀਓ ਦੇ ਧੰਨਵਾਦੀ ਹਨ।
ਪਿੰਡ ਵਿਚ ਦਾਖਲ ਹੁੰਦਿਆਂ ਹੀ ਮਹਿਸੂਸ਼ ਹੁੰਦਾ ਹੈ ਕਿ ਕਿਸੇ ਖਾਸ ਪਿੰਡ ਵਿਚ ਪਹੁੰਚ ਗਏ ਹੋ। ਪਿੰਡ ਦੀ ਐਂਟਰੀ ਤੇ ਸ਼ਾਨਦਾਰ ਸੜਕ ਸਵਾਗਤ ਕਰਦੀ ਹੈ ਜਦ ਕਿ ਪਿੰਡ ਦੇ ਅੰਦਰ 3 ਕਨਾਲ ਵਿਚ ਬਹੁਤ ਹੀ ਵਧੀਆ ਪਾਰਕ ਬਣਾਇਆ ਗਿਆ ਹੈ। ਮਹਿਲਾ ਸਰਪੰਚ ਨੇ ਪਿੰਡਾਂ ਦੀਆਂ ਔਰਤਾਂ ਦੀਆਂ ਮੁਸਕਿਲਾਂ ਨੂੰ ਪਹਿਲ ਦੇ ਅਧਾਰ ਤੇ ਸਮਝਦਿਆਂ ਇਹ ਪਾਰਕ ਬਣਾਇਆ ਹੈ ਜਿੱਥੇ ਰਾਤ ਸਮੇਂ ਵੀ ਔਰਤਾਂ ਸ਼ੈਰ ਕਰ ਸਕਦੀਆਂ ਹਨ। ਇਸ ਤੋਂ ਬਿਨਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਲ ਲਈ ਫਲੱਡ ਲਾਇਟਾਂ ਵਾਲਾ ਵਾਲੀਬਾਲ ਗਰਾਉਂਡ ਬਣਾਇਆ ਗਿਆ ਹੈ। ਪਿੰਡ ਵਿਚ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ। ਪਿੰਡ ਦੀ ਦਾਣਾ ਮੰਡੀ ਦੀ ਚਾਰਦਿਵਾਰੀ ਕਰਕੇ ਗੇਟ ਬੰਦ ਹੁੰਦੇ ਹਨ ਤਾਂ ਕਿ ਫਸਲ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ। ਪਿੰਡ ਦੇ ਛੱਪੜ ਦੀ ਚਾਰਦਿਵਾਰੀ ਕੀਤੀ ਗਈ ਹੈ। ਸਕੂਲ ਵਿਚ ਦੋ ਕਮਰੇ ਤਿਆਰ ਕਰਵਾਏ ਜਾ ਰਹੇ ਹਨ। ਦੋ ਆਂਗਣਬਾੜੀ ਸੈਂਟਰਾਂ ਅਤੇ ਹਸਪਤਾਲ ਦੀ ਦਿੱਖ ਸੁਧਾਰੀ ਗਈ ਹੈ ਅਤੇ ਬੱਸ ਅੱਡੇ ਦੀ ਰਿਪੇਅਰ ਕੀਤੀ ਗਈ ਹੈ। ਲੋੜਵੰਦ ਲੋਕਾਂ ਦੇ ਸਮਾਜਿਕ ਸਮਾਗਮਾਂ ਲਈ 60 ਹਜਾਰ ਰੁਪਏ ਦੀ ਰਕਮ ਨਾਲ ਬਰਤਨ ਬੈਂਕ ਸਥਾਪਿਤ ਕੀਤਾ ਗਿਆ ਹੈ ਜਿਸ ਨਾਲ ਪਲਾਸਟਿਕ ਦੇ ਭਾਂਡਿਆਂ ਦੀ ਵਰਤੋਂ ਘੱਟਣ ਨਾਲ ਵਾਤਾਵਰਨ ਨੂੰ ਵੀ ਗੰਦਾ ਹੋਣ ਤੋਂ ਬਚਾਇਆ ਜਾਂਦਾ ਹੈ।
ਪੰਚਾਇਤ ਸਕੱਤਰ ਸਰਵਨ ਕੁਮਾਰ ਨੇ ਦੱਸਿਆ ਕਿ ਪੰਚਾਇਤ ਆਪਣੀ ਜਮੀਨ ਤੋਂ ਪ੍ਰਾਪਤ ਠੇਕੇ ਤੋਂ ਇਲਾਵਾ ਸਰਕਾਰੀ ਗ੍ਰਾਂਟਾਂ ਦੀ ਮਦਦ ਨਾਲ ਇਹ ਸਾਰੇ ਕੰਮ ਪਾਰਦਰਸ਼ੀ ਤਰੀਕੇ ਨਾਲ ਕਰਦੀ ਹੈ। ਪਿੰਡ ਵਾਸੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਵਾਟਰ ਵਰਕਸ ਵੀ ਚਲਾਇਆ ਜਾ ਰਿਹਾ ਹੈ ਅਤੇ ਪੰਚਾਇਤ ਨੇ ਮੌਜਮ ਨਹਿਰ ਤੇ ਆਪਣੇ ਪਿੰਡ ਦੇ ਲੋਕਾਂ ਲਈ ਇਕ ਪੁੱਲ ਵੀ ਬਣਾ ਕੇ ਦਿੱਤਾ ਹੈ।

Listen Live

Subscription Radio Punjab Today

Our Facebook

Social Counter

  • 18915 posts
  • 1 comments
  • 0 fans

Log In