ਫਾਜ਼ਿਲਕਾ 23 ਮਾਰਚ (ਰਿਤਿਸ਼) – ਖੇਤੀਬਾੜੀ ਵਿਚ ਵਿਭਿਨਤਾ ਲਿਆਉਣ ਅਤੇ ਕਿਸਾਨਾਂ ਨੂੰ ਸਮੇਂ-ਸਮੇਂ `ਤੇ ਖੇਤੀ ਦੇ ਤਰੀਕਿਆਂ ਬਾਰੇ ਜਾਗਰੂਕ ਕਰਨ ਲਈ ਕਿਸਾਨ ਮੇਲੇ ਲਗਾਏ ਜਾਂਦੇ ਹਨ। ਇਨ੍ਹਾਂ ਕਿਸਾਨ ਮੇਲਿਆਂ ਵਿਚ ਕਿਸਾਨਾਂ ਨੂੰ ਖੇਤੀ ਵਿਚ ਆ ਰਹੀ ਤਬਦੀਲੀ ਅਤੇ ਖੇਤੀ ਕਰਨ ਦੇ ਢੰਗਾਂ ਬਾਰੇ ਵੱਖ-ਵੱਖ ਮਾਹਰਾਂ ਵੱਲੋਂ ਵਢਮੁੱਲੀ ਜਾਣਕਾਰੀ ਦਿੱਤੀ ਜਾਂਦੀ ਹੈ।ਕਿਸਾਨ ਮੇਲਿਆਂ ਦੀ ਲਗਾਤਰਤਾ ਵਿਚ ਅੱਜ ਜ਼ਿਲੇ ਦੇ ਪਿੰਡ ਅਲਿਆਣਾ ਵਿਖੇ ਨੌਜਵਾਨ ਕਿਸਾਨ ਕਲੱਬ ਅਤੇ ਨੌਜਵਾਨ ਕਿਸਾਨ ਸੈਲਫ ਹੈਲਪ ਗਰੁੱਪ ਵੱਲੋਂ ਕਿਸਾਨ ਮੇਲਾ ਆਯੋਜਿਤ ਕੀਤਾ ਗਿਆ।ਕਿਸਾਨਾਂ ਲਈ ਲਗਾਏ ਗਏ ਮੇਲੇ ਦੌਰਾਨ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਡਿਪਟੀ ਕਮਿਸ਼ਨਰ ਸ. ਸੰਧੂ ਨੇ ਦੱਸਿਆ ਕਿ ਕਿਸਾਨ ਵੀਰ ਬੇਲੋੜੀਂਦੀਆਂ ਖਾਦਾ-ਸਪਰੇਆਂ ਦੀ ਵਰਤੋਂ ਕਰਨ ਦੀ ਬਜਾਏ ਆਰਗੈਨਿਕ ਖੇਤੀ ਕਰਨ ਨੂੰ ਤਰਜੀਹ ਦੇਣ। ਉਨ੍ਹਾਂ ਜਾਗਰੂਕ ਕਰਦਿਆਂ ਕਿਹਾ ਕਿ ਵਧੇਰੇ ਖਾਦਾਂ-ਸਪਰੇਆਂ ਦੀ ਵਰਤੋਂ ਕਰਨ ਨਾਲ ਜਿਥੇ ਪੈਸੇ ਦੀ ਬਰਬਾਦੀ ਹੁੰਦੀ ਹੈ ਉਥੇ ਸਿਹਤ ਪੱਖੀ ਵੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰਸਾਇਣਿਕ ਖਾਦ ਅਤੇ ਜਹਿਰਾਂ ਦਾ ਛਿੜਕਾਅ ਕਿਤੇ ਬਗੈਰ ਦੇਸੀ ਤਰੀਕੇ ਨਾਲ ਕਿਸਾਨ ਖੇਤੀ ਕਰਕੇ ਆਪਣੀਆਂ ਫਸਲਾਂ ਬੀਜਣ ਤਾਂ ਜ਼ੋ ਮਨੁੱਖਾਂ ਦੀ ਸਿਹਤ `ਤੇ ਵੀ ਚੰਗਾ ਅਸਰ ਪਏ।
ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਦੇ ਨਾਲ-ਨਾਲ ਸਹਾਇਕ ਫਸਲਾਂ ਬੀਜਣ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜ਼ੋ ਕਿਸਾਨਾਂ ਦਾ ਆਰਥਿਕ ਪੱਧਰ ਉਚਾ ਹੋ ਸਕੇ।ਉਨ੍ਹਾਂ ਕਿਹਾ ਕਿ ਸਹਾਇਕ ਫਸਲਾਂ ਬੀਜਣ ਨਾਲ ਕਿਸਾਨ ਵੀਰ ਆਪਣੀ ਆਮਦਨ `ਚ ਵਾਧਾ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਫਸਲ ਨੂੰ ਲੋੜ ਅਨੁਸਾਰ ਹੀ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਵੇ ਤਾਂ ਫਸਲ ਤੋਂ ਮੁਨਾਫਾ ਕਮਾਇਆ ਜਾ ਸਕਦਾ ਹੈ।ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਪੰਜਾਬੀ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਵੱਲੋਂ ਦੱਸੀਆਂ ਦਵਾਈਆਂ ਤੇ ਸਿਫਾਰਸ਼ ਕੀਤੇ ਕੀਟਨਾਸ਼ਕਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜ਼ੋ ਉਨ੍ਹਾਂ ਦੀ ਫਸਲ ਦਾ ਨੁਕਸਾਨ ਨਾ ਹੋਵੇ।ਇਸ ਦੌਰਾਨ ਵੱਖ-ਵੱਖ ਖੇਤੀ ਮਾਹਰਾਂ ਵੱਲੋਂ ਕਿਸਾਨਾਂ ਨੂੰ ਖੇਤੀ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ।ਇਸ ਦੌਰਾਨ ਕਿਸਾਨਾਂ ਨੂੰ ਸਬਜੀ ਕਿੱਟਾਂ ਦੀ ਵੰਡ ਕਰਨ ਦੇ ਨਾਲ-ਨਾਲ ਵੱਖ-ਵੱਖ ਬੂਟੇ ਵੀ ਵੰਡੇ ਗਏ।
ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਸ੍ਰੀ ਕਰਨੈਲ ਸਿੰਘ ਮੌਜੂਦ ਸਨ।