ਫਾਜ਼ਿਲਕਾ, 23 ਮਾਰਚ (ਰਿਤਿਸ਼) – ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਹਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਬਹੁਪੱਖੀ ਉਪਰਾਲੇ ਲਗਾਤਾਰ ਜਾਰੀ ਹਨ। ਸਰਕਾਰੀ ਸਕੂਲਾਂ ‘ਚ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਦੇ ਨਾਲ ਨਾਲ ਪੜਾਉਣ ਦੀਆਂ ਐਜੂਸੈਟ,ਪ੍ਰਾਜੈਕਟਰ, ਐਲ.ਸੀ.ਡੀ ਅਤੇ ਈ-ਕੰਟੈਂਟ ਜਿਹੀਆਂ ਤਕਨੀਕਾਂ ਦੀਆਂ ਅਤਿ-ਆਧੁਨਿਕ ਸਹੂਲਤਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਰੋਜ਼ਾਨਾ ਅੱਜ ਦਾ ਸ਼ਬਦ ਗਤੀਵਿਧੀ ਜਰੀਏ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦਾ ਗੂੜ੍ਹ ਗਿਆਨ ਦੇਣ ਦੇ ਨਾਲ ਨਾਲ ਸਮੇਂ ਦੀ ਮੰਰੁਜ਼ਗਾਰ ਦੇ ਮੌਕਿਆਂ ਦੌਰਾਨ ਅੰਗਰੇਜ਼ੀ ਭਾਸ਼ਾ ਦੀ ਵਧਦੀ ਜਰੂਰਤ ਨੂੰ ਵੀ ਸਰਕਾਰੀ ਸਕੂਲਾਂ ਵੱਲੋਂ ਵਿਦਿਆਰਥੀਆਂ ਦੀ ਜਰੂਰਤ ਅਨੁਸਾਰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਡਾ ਤ੍ਰਿਲੋਚਨ ਸਿੰਘ ਸਿੱਧੂ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ,ਡਾ.ਸੁਖਵੀਰ ਸਿੰਘ ਬੱਲ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ, ਬ੍ਰਿਜ ਮੋਹਨ ਸਿੰਘ ਬੇਦੀ ਉੱਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਅਤੇ ਮੈਡਮ ਅੰਜੂ ਸੇਠੀ ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਅੰਗਰੇਜ਼ੀ ਮਾਧਿਅਮ ਦੀ ਸਹੂਲਤ ਉਪਲਬਧ ਹੈ।ਸੀਨੀਅਰ ਸੈਕੰਡਰੀ ਜਮਾਤਾਂ ਦੇ ਸਾਇੰਸ ਸਟਰੀਮ ਦੇ ਨਾਲ ਨਾਲ ਕੋਈ ਵੀ ਵਿਦਿਆਰਥੀ ਸਵੈ ਇੱਛਾ ਨਾਲ ਹੇਠਲੀਆਂ ਜਮਾਤਾਂ ਵਿੱਚ ਅੰਗਰੇਜ਼ੀ ਮਾਧਿਅਮ ਦੀ ਚੋਣ ਕਰ ਸਕਦਾ ਹੈ।ਅਧਿਕਾਰੀਆਂ ਨੇ ਦੱਸਿਆ ਕਿ ਮੌਜ਼ੂਦਾ ਸੈਸ਼ਨ ਦੌਰਾਨ ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਵੱਡੀ ਗਿਣਤੀ ਵਿਚ ਵਿਦਿਆਰਥੀ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਹਾਸਿਲ ਕਰ ਰਹੇ ਹਨ।ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਹਾਲ ਖੇੜਾ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਗਿੱਲ ਨੇ ਦੱਸਿਆ ਕਿ ਮੌਜ਼ੂਦਾ ਸੈਸ਼ਨ ਦੌਰਾਨ ਉਹਨਾਂ ਦੇ ਸਕੂਲ ਵਿੱਚ 150 ਵਿਦਿਆਰਥੀ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਹਾਸਿਲ ਕਰ ਰਹੇ ਹਨ।ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੂਈ ਖੇੜਾ ਦੇ ਪ੍ਰਿੰਸੀਪਲ ਗੁਰਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵਿੱਚ 40ਵਿਦਿਆਰਥੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜਿਲਕਾ ਦੇ ਪ੍ਰਿੰਸੀਪਲ ਸੰਦੀਪ ਧੂੜੀਆਂ ਅਨੁਸਾਰ ਉਹਨਾਂ ਦੇ ਸਕੂਲ ਵਿੱਚ 150 ਵਿਦਿਆਰਥਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ ਦੇ ਪ੍ਰਿੰਸੀਪਲ ਹਰੀ ਚੰਦ ਕੰਬੋਜ ਅਨੁਸਾਰ ਉਹਨਾਂ ਦੇ ਸਕੂਲ ਵਿੱਚ 100 ਵਿਦਿਆਰਥੀ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੁੱਗੇ ਗੁਲਾਬ ਸਿੰਘ ਦੇ ਮੁਖੀ ਪ੍ਰਦੀਪ ਕੁੱਕੜ ਅਨੁਸਾਰ ਉਹਨਾਂ ਦੇ ਸਕੂਲ ਵਿੱਚ 31 ਵਿਦਿਆਰਥੀ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਹਾਸਿਲ ਕਰ ਰਹੇ ਹਨ। ਸਕੂਲ ਮੁਖੀ ਨੇ ਦੱਸਿਆ ਕਿ ਅਗਲੇ ਸੈਸ਼ਨ ਦੇ ਦਾਖਲਿਆਂ ਲਈ ਵੀ ਵਿਦਿਆਰਥੀ ਆਪਣੀ ਇੱਛਾ ਅਨੁਸਾਰ ਪੰਜਾਬੀ ਜਾਂ ਅੰਗਰੇਜ਼ੀ ਮਾਧਿਅਮ ਰੱਖ ਸਕਦੇ ਹਨ।