ਫਰਿਜ਼ਨੋ (ਕੈਲੀਫੋਰਨੀਆ), 22 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਸੂਬੇ ਟੈਕਸਾਸ ਵਿੱਚ ਸ਼ਨੀਵਾਰ ਨੂੰ ਦੋ ਵੱਖ-ਵੱਖ ਨਾਈਟ ਕਲੱਬਾਂ ਵਿਚ ਹੋਈ ਗੋਲੀਬਾਰੀ ਨਾਲ ਇੱਕ ਦੀ ਮੌਤ ਹੋਣ ਦੇ ਨਾਲ 12 ਹੋਰ ਜ਼ਖਮੀ ਹੋਏ ਹਨ। ਪੁਲਿਸ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ 1:30 ਵਜੇ ਦੇ ਕਰੀਬ, ਡੈਲਾਸ ਪੁਲਿਸ ਨੂੰ ਪ੍ਰਾਈਮ ਨਾਈਟ ਕਲੱਬ ਵਿੱਚ ਫੋਨ ਰਾਹੀਂ ਗੋਲੀਬਾਰੀ ਦੀ ਸੂਚਨਾ ਮਿਲੀ, ਜਿਸ ਵਿੱਚ ਪੁਲਿਸ ਅਨੁਸਾਰ ਅੱਠ ਵਿਅਕਤੀਆਂ ਨੂੰ ਗੋਲੀ ਲੱਗੀ ।
ਇਸ ਗੋਲੀਬਾਰੀ ਦੇ ਪੀੜਤਾਂ ਨੂੰ ਸਥਾਨਕ ਹਸਪਤਾਲ ਲਿਆਂਦਾ ਗਿਆ ਜਿਥੇ ਇੱਕ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਮਹਿਲਾ ਦੀ ਪਛਾਣ ਡੇਜ਼ੀ ਨਵਰਰੇਟ, (21) ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਦੀ ਕਲੱਬ ਵਿਖੇ ਕਿਸੇ ਵਿਅਕਤੀ ਨਾਲ ਬਹਿਸ ਹੋਈ ਸੀ। ਜਦੋਂ ਇੱਕ ਵਿਅਕਤੀ ਨੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਸ਼ੱਕੀ ਵਿਅਕਤੀ ਨੇ ਗੋਲੀਬਾਰੀ ਕੀਤੀ।ਡੈਲਾਸ ਅਧਿਕਾਰੀਆਂ ਦੇ ਅਨੁਸਾਰ ਸ਼ੱਕੀ ਵਿਅਕਤੀ ਇਸ ਉਪਰੰਤ ਭੱਜ ਗਿਆ, ਜਿਸਦੀ ਭਾਲ ਲਈ ਫੋਟੋ ਵੀ ਜਾਰੀ ਕੀਤੀ ਗਈ ਹੈ। ਡੈਲਾਸ ਦੀ ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਹਿਊਸਟਨ ਵਿੱਚ ਪੁਲਿਸ ਅਨੁਸਾਰ ਉੱਤਰੀ ਫ੍ਰੀਵੇਅ ਉੱਤੇ ਇੱਕ ਕਲੱਬ ਵਿੱਚ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਪੰਜ ਲੋਕ ਜ਼ਖਮੀ ਹੋਏ। ਸਾਰੇ ਪੀੜਤ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ। ਪੀੜਤਾਂ ਵਿੱਚ ਇੱਕ ਵਿਅਕਤੀ ਦੀ ਗਰਦਨ ਵਿੱਚ ਗੋਲੀ ਲੱਗੀ ਹੈ ਅਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਕਲੱਬ ਦੇ ਅੰਦਰ ਬਹਿਸ ਹੋ ਗਈ ਸੀ ਅਤੇ ਇੱਕ ਵਿਅਕਤੀ ਨੇ ਪਿਸਤੌਲ ਨਾਲ ਗੋਲੀਬਾਰੀ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ।