ਫਾਜ਼ਿਲਕਾ 19 ਮਾਰਚ (ਰਿਤਿਸ਼) – ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਸ ਤਹਿਤ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਸੋਲਰ ਸਟਰੀਟ ਲਾਈਟਾਂ ਲਗਵਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਲਾਹਾ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਦੇ ਜ਼ਿਲ੍ਹਾ ਮੈਨੇਜਰ ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡਾਂ ਵਿਚ ਸੋਲਰ ਸਟਰੀਟ ਲਾਈਟਾਂ ਲਗਵਾਉਣ ਲਈ ਵਿਸ਼ੇਸ਼ ਸਕੀਮ ਚਲਾਈ ਜਾ ਰਹੀ ਹੈ। ਸੋਲਰ ਸਟਰੀਟ ਲਾਈਟਾਂ ਲਗਵਾਉਣ ਦੀ ਕੁੱਲ ਕੀਮਤ 14 ਹਜ਼ਾਰ 259 ਰੁਪਏ ਹੈ।ਉਨ੍ਹਾਂ ਦੱਸਿਆ ਕਿ ਸੋਲਰ ਸਟਰੀਟ ਲਗਾਉਣ ਵਿਚ ਸਰਕਾਰ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਸਰਕਾਰ ਵੱਲੋਂ ਸੋਲਰ ਸਟਰੀਟ ਲਾਈਟਾਂ ਲਗਾਉਣ ਲਈ 4074 ਰੁਪਏ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ਅਤੇ ਲਾਭਪਾਤਰੀ ਨੂੰ 10185 ਰੁਪਏ ਦੀ ਰਕਮ ਅਦਾ ਕਰਨੀ ਪਵੇਗੀ।ਉਨ੍ਹਾਂ ਦੱਸਿਆ ਕਿ ਇਸ ਲਾਗਤ ਵਿਚ ਸਰਟੀਟ ਲਾਈਟਾਂ ਦੀ ਪੰਜ ਸਾਲ ਦੀ ਗਾਰੰਟੀ ਅਤੇ ਸਲਾਨਾ ਰੱਖ ਰਖਾਵ ਸ਼ਾਮਲ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸਰਹੱਦੀ ਖੇਤਰ ਦੇ ਪਿੰਡਾਂ ਨੂੰ ਵਿਸ਼ੇਸ਼ ਤਵਜੋਂ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਹ ਲਾਈਟਾਂ ਸ਼ਾਮ ਸਮੇਂ ਆਪਦੇ ਆਪ ਚੱਲ ਜਾਂਦੀਆਂ ਹਨ ਅਤੇ ਸਵੇਰ ਸਮੇਂ ਆਪਣੇ ਆਪ ਬੰਦ ਹੋ ਜਾਂਦੀਆਂ ਹਨ।ਉਨ੍ਹਾਂ ਦੱਸਿਆ ਕਿ ਲਾਈਟਾਂ ਲਗਵਾਉਣ ਦੇ ਚਾਹਵਾਨ ਪਿੰਡ ਵਾਸੀ ਨਿਰਧਾਰਤ ਬਿਨੈ ਪਤਰ ਪ੍ਰੋਫਾਰਮਾ ਵਿਭਾਗ ਦੀ ਵੈਬਸਾਈਟ www.peda.gov.in ਤੋਂ ਡਾਉਨਲੋਡ ਕਰ ਸਕਦੇ ਹਨ ਅਤੇ ਲੋੜੀਂਦੀ ਰਾਸ਼ੀ ਦਾ ਡਿਮਾਂਡ ਡਰਾਫਟ ਬਣਾਕੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਭੇਜ਼ ਸਕਦੇ ਹਨ।ਵਧੇਰੇ ਜਾਣਕਾਰੀ ਲਈ 0172-2663328, 2663382, 95014-34488 ਅਤੇ 94634-82870 `ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।