ਫਰਿਜ਼ਨੋ (ਕੈਲੀਫੋਰਨੀਆ), 12 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਦੇ ਹੈਨਫੋਰਡ ਵਿੱਚ ਇੱਕ ਮਹਿਲਾ ਨੂੰ ਨਸ਼ਾ ਕਰਕੇ ਵਾਹਨ ਚਲਾਉਣ ਉਪਰੰਤ ਕੀਤੀ ਟੱਕਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।ਪੁਲਿਸ ਦੇ ਅਨੁਸਾਰ, ਹੈਨਫੋਰਡ ਨਿਵਾਸੀ ਮਹਿਲਾ ਨੂੰ ਫਰਵਰੀ ਵਿੱਚ ਵਾਪਰੇ ਇੱਕ ਘਾਤਕ ਹਾਦਸੇ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ,ਜਿਸ ਦੌਰਾਨ ਉਸਨੇ ਨਸ਼ਾ ਕੀਤਾ ਹੋਇਆ ਸੀ। 19 ਫਰਵਰੀ ਨੂੰ,10 ਵੇਂ ਐਵੀਨਿਊ ਅਤੇ ਲੇਲੈਂਡ ਵੇਅ ਦੇ ਚੌਰਾਹੇ ‘ਤੇ ਹੋਏ ਟ੍ਰੈਫਿਕ ਕਰੈਸ਼ ਬਾਰੇ ਜਾਣਕਾਰੀ ਦਿੰਦਿਆਂ ਲੈਫਟੀਨੈਂਟ ਜੇਮਜ਼ ਲੂਟਜ਼ ਨੇ ਦੱਸਿਆ ਕਿ 38 ਸਾਲਾਂ ਦੀ ਮੈਰੀ ਪਲੋਮੇਰਾ, 10 ਵੇਂ ਐਵੀਨਿਊ ‘ਤੇ ਲੇਲੈਂਡ ਵੇਅ ਨੇੜੇ ਇੱਕ ਜੀ ਐਮ ਸੀ ਯੂਕਨ ਵਿੱਚ ਉੱਤਰ ਵੱਲ ਨੂੰ ਜਾ ਰਹੀ ਸੀ ਅਤੇ ਇਸੇ ਦੌਰਾਨ ਇੱਕ ਹੌਂਡਾ ਸੀ ਆਰ-ਵੀ 2004 ਲੇਲੈਂਡ ਵੇਅ ਤੇ ਪੱਛਮ ਵੱਲ 10 ਵੇਂ ਐਵੀਨਿਊ ਵੱਲ ਜਾ ਰਹੀ ਸੀ। ਜਿਵੇਂ ਹੋਂਡਾ ਕਾਰ ਚੌਂਕ ਵਿੱਚੋਂ ਹਰੀ ਬੱਤੀ ਹੋਣ ਤੇ ਲੰਘ ਰਹੀ ਸੀ ਤਾਂ ਪਲੋਮੇਰਾ ਦੁਆਰਾ ਲਾਲ ਬੱਤੀ ਪਾਰ ਕਰਕੇ ਉਸਨੂੰ ਟੱਕਰ ਮਾਰੀ ਗਈ। ਇਸ ਕਰੈਸ਼ ਨਾਲ ਦੋਵੇ ਵਾਹਨਾਂ ਦਾ ਵੱਡਾ ਨੁਕਸਾਨ ਹੋਇਆ ਅਤੇ ਦੋਵੇਂ ਗੱਡੀਆਂ ਦੇ ਡਰਾਈਵਰਾਂ ਨੂੰ ਖੇਤਰ ਦੇ ਹਸਪਤਾਲ ਲਿਜਾਇਆ ਗਿਆ। ਜਿਸ ਉਪਰੰਤ ਹੌਂਡਾ ਕਾਰ ਦੇ ਡਰਾਈਵਰ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਲੂਟਜ਼ ਅਨੁਸਾਰ ਜਾਂਚਕਰਤਾਵਾਂ ਨੂੰ ਪਲੋਮੇਰਾ ਦੇ ਖੂਨ ਦੇ ਨਮੂਨੇ ਇਕੱਠੇ ਲਈ ਇੱਕ ਸਰਚ ਵਾਰੰਟ ਮਿਲਿਆ ਸੀ, ਜਿਸ ਵਿੱਚ ਪਾਇਆ ਗਿਆ ਕਿ ਕਰੈਸ਼ ਹੋਣ ਸਮੇਂ ਉਸਨੇ ਟੀ ਐਚ ਸੀ ਅਤੇ ਮੇਥਾਮਫੇਟਾਮਾਈਨ ਦਾ ਸੇਵਨ ਕੀਤਾ ਸੀ। ਇਸ ਸੰਬੰਧ ਵਿੱਚ ਮੰਗਲਵਾਰ ਦੇ ਦਿਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਕਿੰਗਜ਼ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ। ਪਲੋਮੇਰਾ ਉੱਪਰ ਨਸ਼ੇ ਕਰਕੇ ਵਾਹਨ ਚਲਾਉਣ ਅਤੇ ਕਤਲੇਆਮ ਦੇ ਦੋਸ਼ ਲੱਗੇ ਹਨ ਜਦਕਿ ਉਸਦੀ ਜ਼ਮਾਨਤ 120,000 ਡਾਲਰ ਰੱਖੀ ਗਈ ਹੈ।