ਫਰਿਜ਼ਨੋ (ਕੈਲੀਫੋਰਨੀਆ), 12 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਫਰਿਜ਼ਨੋ ਵਿੱਚ ਇੱਕ ਅਪਾਰਟਮੈਂਟ ਵਿੱਚ ਹੋਈ ਗੋਲੀਬਾਰੀ ਨੇ ਦੋ ਬੱਚਿਆਂ ਨੂੰ ਜਖਮੀ ਕੀਤਾ ਹੈ। ਇਸ ਸੰਬੰਧੀ ਫਰਿਜ਼ਨੋ ਪੁਲਿਸ ਦੇ ਅਨੁਸਾਰ ਦੱਖਣੀ ਪੂਰਬੀ ਫਰਿਜ਼ਨੋ ਦੇ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਵੀਰਵਾਰ ਦੀ ਰਾਤ ਲੱਗਭਗ 26 ਗੋਲੀਆਂ ਚੱਲੀਆਂ। ਇਹ ਘਟਨਾ ਰਾਤ ਦੇ 9:50 ਵਜੇ ਦੇ ਕਰੀਬ ਚੇਸਨਟ ਅਤੇ ਲੇਨ ਐਵੇਨਿਊ ਦੇ ਰੇਨਵੁਡ ਕੰਡੋਮੀਨੀਅਮਜ਼ ,ਜੋ ਕਿ ਫਰਿਜ਼ਨੋ ਪੈਸੀਫਿਕ ਯੂਨੀਵਰਸਿਟੀ ਦੇ ਨੇੜੇ ਹੈ, ਵਿਖੇ ਵਾਪਰੀ ਹੈ। ਇਸ ਗੋਲੀਬਾਰੀ ਵਿੱਚ ਲੈਫਟੀਨੈਂਟ ਇਜ਼ਰਾਈਲ ਰੇਅਸ ਅਨੁਸਾਰ ਇੱਕ 12 ਸਾਲਾ ਲੜਕੇ ਦੇ ਪੈਰ ਵਿੱਚ ਸੱਟ ਲੱਗੀ ਜਦਕਿ ਇੱਕ ਹੋਰ 17 ਸਾਲਾ ਬੱਚੇ ਦੇ ਪਿਛਲੇ ਹਿੱਸੇ ਅਤੇ ਮੋਢੇ ਵਿੱਚ ਗੋਲੀ ਲੱਗੀ।ਪੁਲਿਸ ਅਨੁਸਾਰ ਦੋਵੇ ਬੱਚਿਆਂ ਦੀਆਂ ਸੱਟਾਂ ਗੰਭੀਰ ਨਹੀ ਹਨ, ਪਰ ਉਹ ਹਸਪਤਾਲ ਵਿੱਚ ਜੇਰੇ ਇਲਾਜ ਹਨ।ਇਹ ਫਿਲਹਾਲ ਅਸਪਸ਼ਟ ਹੈ ਕਿ ਅਸਲ ਵਿੱਚ ਬੱਚੇ ਹੀ ਗੋਲੀਬਾਰੀ ਦਾ ਨਿਸ਼ਾਨਾ ਸਨ ਜਾਂ ਨਹੀਂ ਅਤੇ ਪੁਲਿਸ ਗੋਲੀਬਾਰੀ ਦੀ ਗੈਂਗ ਨਾਲ ਸਬੰਧਤ ਹੋਣ ਬਾਰੇ ਜਾਂਚ ਕਰ ਰਹੀ ਹੈ। ਇਸ ਘਟਨਾ ਦੇ ਬਾਰੇ ਗਵਾਹਾਂ ਨੇ ਪੁਲਿਸ ਨੂੰ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਹੈਂਡਗਨ ਸਮੇਤ ਅਪਾਰਟਮੈਂਟ ਕੰਪਲੈਕਸ ਤੋਂ ਭੱਜਦੇ ਵੇਖਿਆ ਗਿਆ ਸੀ। ਪੁਲਿਸ ਇਸ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ ਅਤੇ ਅਪਾਰਟਮੈਂਟ ਕੰਪਲੈਕਸ ਵਿਚਲੀ ਫੁਟੇਜ ਦੀ ਵੀ ਅਪਰਾਧੀਆਂ ਨੂੰ ਪਛਾਨਣ ਵਿੱਚ ਮੱਦਦ ਲਈ ਜਾਵੇਗੀ।