ਫਰਿਜ਼ਨੋ (ਕੈਲੀਫੋਰਨੀਆ), 11 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੀ ਸੈਨੇਟ ਨੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਦੀ ਪ੍ਰਧਾਨਗੀ ਲਈ ਮਰਸੀਆ ਫੁਜ ਦੀ ਪੁਸ਼ਟੀ ਕੀਤੀ ਹੈ। ਫਜ ਦੀ ਪੁਸ਼ਟੀ ਹੋਣ ਦੇ ਬਾਅਦ ਬੁੱਧਵਾਰ ਨੂੰ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੁਆਰਾ ਉਸਨੂੰ ਨਵੇਂ ਅਹੁਦੇ ਦੀ ਸਹੁੰ ਚੁਕਾਈ ਗਈ। ਫੁਜ, ਨੇ 2008 ਤੋਂ ਸਦਨ ਵਿੱਚ ਕਲੀਵਲੈਂਡ ਅਤੇ ਅਕਰੋਨ ਦੇ ਹਿੱਸਿਆਂ ਦੀ ਪ੍ਰਤੀਨਿਧਤਾ ਕੀਤੀ ਹੈ ਅਤੇ ਇਸਦੇ ਇਲਾਵਾ ਇਸ ਸਾਬਕਾ ਮੇਅਰ ਨੇ ਲੋੜਵੰਦਾਂ ਦੀ ਸਹਾਇਤਾ ਲਈ ਲੰਮੇ ਸਮੇਂ ਤੋਂ ਵਕਾਲਤ ਵੀ ਕੀਤੀ ਹੈ।ਫੁਜ ਨੇ ਜਨਵਰੀ ਵਿੱਚ ਆਪਣੀ ਪੁਸ਼ਟੀਕਰਣ ਸੁਣਵਾਈ ਦੌਰਾਨ ਕਿਹਾ ਸੀ ਕਿ ਉਸਦੀ ਪਹਿਲੀ ਤਰਜੀਹ ਮਹਾਂਮਾਰੀ ਦੇ ਦੌਰਾਨ ਆਮਦਨ ਘਾਟੇ ਕਾਰਨ ਕਿਰਾਏ ਜਾਂ ਮੌਰਗੇਜਾਂ ਤੇ ਪੈ ਚੁੱਕੇ ਲੱਖਾਂ ਲੋਕਾਂ ਦੀ ਰੱਖਿਆ ਕਰਨਾ ਹੈ।ਮਰਸੀਆ ਨੂੰ ਪੁਸ਼ਟੀ ਦੌਰਾਨ 66 ਤੋਂ 34 ਵੋਟਾਂ ਪ੍ਰਾਪਤ ਹੋਈਆਂ, ਜਦੋਂ ਕਿ ਸੈਨੇਟ ਨੇ ਰਾਸ਼ਟਰਪਤੀ ਬਾਈਡੇਨ ਦੁਆਰਾ ਨਾਮਜ਼ਦ ਹੋਰ ਮੈਂਬਰਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ। ਜਿਹਨਾਂ ਵਿੱਚ ਚੈਂਬਰ ਨੇ ਬੁੱਧਵਾਰ ਦੁਪਹਿਰ ਨੂੰ ਅਟਾਰਨੀ ਜਨਰਲ ਵਜੋਂ ਜੱਜ ਮੈਰਿਕ ਗਾਰਲੈਂਡ ਦੀ ਪੁਸ਼ਟੀ ਕਰਨ ਦੇ ਨਾਲ ਉੱਤਰੀ ਕੈਰੋਲਿਨਾ ਰੈਗੂਲੇਟਰ ਮਾਈਕਲ ਰੇਗਨ ਨੂੰ ਵਾਤਾਵਰਣ ਸੁਰੱਖਿਆ ਏਜੰਸੀ ਦੀ ਅਗਵਾਈ ਕਰਨ ਲਈ ਵੋਟ ਦਿੱਤੀ। ਫੁਜ ਨੇ ਆਪਣੀ ਨਾਮਜ਼ਦਗੀ ਲਈ ਦੋ-ਪੱਖੀ ਸਮਰਥਨ ਜਿੱਤਿਆ, ਸੈਨੇਟ ਦੇ ਰਿਪਬਲਿਕਨ ਲੀਡਰ ਮਿਚ ਮੈਕਕੋਨਲ ਨੇ ਵੀ ਉਸਦਾ ਸਮਰਥਨ ਕਰਨ ਦੀ ਗੱਲ ਕੀਤੀ।ਸੈਨੇਟ ਦੇ ਡੈਮੋਕਰੇਟਿਕ ਲੀਡਰ ਚੱਕ ਸ਼ੂਮਰ ਅਨੁਸਾਰ ਫੁਜ ਦੇ ਅੱਗੇ ਦਾ ਰਾਸਤਾ ਬਹੁਤ ਔਖਾ ਹੈ ਕਿਉਂਕਿ ਲੱਖਾਂ ਅਮਰੀਕੀ ਕਿਰਾਏਦਾਰ ਭੁਗਤਾਨ ਕਰਨ ਵਿੱਚ ਮਹਾਂਮਾਰੀ ਕਾਰਨ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ।