ਫਾਜ਼ਿਲਕਾ, 24 ਫਰਵਰੀ (ਰਿਤਿਸ਼) – ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਇੱਥੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਜ਼ਿਲੇ ਵਿਚ ਚੱਲ ਰਹੇ ਡੈਪੋ ਤੇ ਬੱਡੀ ਪ੍ਰੋਗਰਾਮ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਹੋ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਕੋਈ ਸਮਾਜ ਨੂੰ ਨਸ਼ੇ ਦੀ ਬੁਰਾਈ ਤੋਂ ਮੁਕਤ ਕਰਨ ਲਈ ਆਪਣਾ ਯੋਗਦਾਨ ਪਾਏ। ਉਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ੇ ਤੋਂ ਪੀੜਤਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨਾਂ ਨੇ ਕਿਹਾ ਕਿ ਜੇਕਰ ਤੁਹਾਡੇ ਆਸਪਾਸ ਕੋਈ ਨਸ਼ੇ ਤੋਂ ਪੀੜਤ ਹੈ ਤਾਂ ਉਸਨੂੰ ਪ੍ਰੇਰਿਤ ਕਰਕੇ ਇਲਾਜ ਲਈ ਸਰਕਾਰ ਹਸਪਤਾਲ ਤੱਕ ਲਿਆਂਦਾ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਕਿਹਾ ਕਿ ਉਹ ਸਰਕਾਰ ਦੇ ਨਸ਼ੇ ਦੀ ਰੋਕਥਾਮ ਲਈ ਚਲਾਏ ਗਏ ਪ੍ਰੋਗਰਾਮਾਂ ਤਹਿਤ ਕੀਤੀਆਂ ਜਾਂਦੀਆਂ ਗਤੀਵਿਧੀਆਂ ਦੀ ਨਿਯਮਿਤ ਰਿਪੋਰਟ ਭੇਜੀ ਜਾਵੇ ਉਨਾਂ ਨੇ ਕਿਹਾ ਕਿ ਵਿਭਾਗ ਅਗਲੇ ਮਹੀਨੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਯੋਜਨਾਬੰਦੀ ਉਲੀਕ ਕੇ ਉਨਾਂ ਦੇ ਦਫ਼ਤਰ ਨੂੰ ਭੇਜਣ ਤੋਂ ਜੋ ਵਿਆਪਕ ਪੱਧਰ ਤੇ ਕਾਰਵਾਈ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਿਹਤ ਵਿਭਾਗ, ਪੁਲਿਸ ਵਿਭਾਗ ਅਤੇ ਸਿੱਖਿਆ ਵਿਭਾਗ ਨੂੰ ਹੋਰ ਮਹੱਤਵਪੂਰਨ ਭੁਮਿਕਾ ਨਿਭਾਉਣ ਦਾ ਸੱਦਾ ਦਿੱਤਾ।
ਬੈਠਕ ਵਿਚ ਤਹਿਸੀਲ ਭਲਾਈ ਅਫ਼ਸਰ ਸ੍ਰੀ ਅਸ਼ੋਕ ਕੁਮਾਰ, ਡਾ: ਸਿਧਾਰਥ, ਪਿ੍ਰੰਸੀਪਲ ਬੀਐਸ ਵਿਰਕ, ਜੀਓਜੀ ਜ਼ਿਲਾ ਹੈਡ ਕਰਨਲ ਅਜੀਤ ਸਿੰਘ ਸਮਾਘ ਵੀ ਹਾਜਰ ਸਨ।