ਫਾਜ਼ਿਲਕਾ 15 ਫਰਵਰੀ (ਰਿਤਿਸ਼ )ਅੱਜ ਵਿਜ਼ਡਮ ਕਾਨਵੈਂਟ ਸਕੂਲ ਵਿਖੇ ਫਾਜ਼ਿਲਕਾ ਦੀ ਪਹਿਲੀ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਗਿਆ । ਉਦਘਾਟਨ ਦੇ ਮੌਕੇ ਤੇ ਸ਼੍ਰੀਮਤੀ ਟੀਨਾ ਸੋਢੀ ਧਰਮਪਤਨੀ ਸ. ਰਾਣਾ ਗੁਰਮੀਤ ਸਿੰਘ ਸੋਢੀ (ਕੈਬਿਨੇਟ ਮੰਤਰੀ, ਸਪੋਰਟਸ ਐਂਡ ਯੂਥ ਵਿਭਾਗ, ਪੰਜਾਬ) ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਉਨ੍ਹਾਂ ਦੇ ਨਾਲ ਸ੍ਰੀਮਤੀ ਅਵਨੀਤ ਕੌਰ ਸਿੱਧੂ(ਓਲੰਪੀਅਨ, ਅਰਜੁਨ ਪੁਰਸਕਾਰ ਜੇਤੂ, ਸੋਨ ਤਮਗਾ ਜੇਤੂ, ਕਾਮਨਵੈਲਥ ਖੇਡਾਂ, ਸੁਪਰੀਡੈਂਟੈਂਟ ਆਫ਼ ਪੁਲਿਸ), ਸ੍ਰੀ ਪ੍ਰਹਿਲਾਦ ਜੀ ਖਾਟਵਾਂ (ਸੋਨ ਤਮਗਾ ਜੇਤੂ, ਨੈਸ਼ਨਲ ਸਕੀਟ ਸ਼ੂਟਿੰਗ) ਅਤੇ ਹਿਮਾਂਸ਼ੂ ਭੀਮਵਾਲ਼ (ਸੰਸਥਾਪਕ, ਵੀ. ਟੀ. ਸ਼ੂਟਿੰਗ ਸਪੋਰਟਸ, ਅਬੋਹਰ) ਬਤੌਰ ਖ਼ਾ
ਸ ਮਹਿਮਾਨ ਵਜੋਂ ਹਾਜ਼ਰ ਹੋਏ ।
ਸਕੂਲ ਚੇਅਰਮੈਨ ਸ੍ਰੀ ਕਵਿੰਦਰ ਨਾਥ ਦਹੂਜਾ ਅਤੇ ਪ੍ਰਬੰਧਕੀ ਨਿਰਦੇਸ਼ਕ ਸ. ਪਰਮਜੀਤ ਸਿੰਘ ਵੈਰੜ ਨੇ ਆਏ ਹੋਏ ਮਹਿਮਾਨਾਂ ਨੂੰ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ । ਉਦਘਾਟਨ ਸਮੇਂ ਸਭ ਨੂੰ ਮੁਖਾਤਿਬ ਹੁੰਦਿਆਂ ਸ੍ਰੀਮਤੀ ਟੀਨਾ ਸੋਢੀ ਜੀ ਨੇ ਕਿਹਾ ਕਿ ਫਾਜ਼ਿਲਕਾ ਵਰਗੇ ਸ਼ਹਿਰਾਂ ਨੂੰ ਪੱਛੜੇ ਹੋਏ ਮੰਨਿਆ ਜਾਂਦਾ ਸੀ ਪਰੰਤੂ ਸਿੱਖਿਆ ਖੇਤਰ ਵਿੱਚ ਹੋੲੇ ਸੁਧਾਰਾਂ ਅਤੇ ਉਪਰਾਲਿਆਂ ਨੇ ਇਹਨਾਂ ਦਾ ਪੱਧਰ ਸੁਧਾਰਿਆ ਹੈ ਅਤੇ ਨਾਲ਼ ਹੀ ਉਹਨਾਂ ਨੇ ਖੇਡਾਂ ਦੇ ਮਹੱਤਵ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਖੇਡਾਂ ਹਰ ਉਮਰ ਲਈ ਬਹੁਤ ਜ਼ਰੂਰੀ ਹਨ । ਸ਼੍ਰੀਮਤੀ ਅਵਨੀਤ ਕੌਰ ਸਿੱਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਸਕੂਲ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਨਾਲ਼ ਹੀ ਉਹਨਾਂ ਕਿਹਾ ਕਿ ਫਾਜ਼ਿਲਕਾ ਸ਼ਹਿਰ ਵਿੱਚ ਇਹ ਸਕੂਲ ਆਪਣੇ – ਆਪ ਵਿੱਚ ਇੱਕ ਉਪਲੱਬਧੀ ਹੈ ਨਾਲ਼ ਹੀ ਉਹਨਾਂ ਕਿਹਾ ਕਿ ਸਕੂਲ ਨੇ ਸੂਟਿੰਗ ਰੇਂਜ ਖੋਲ ਕੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਖੂਬਸੁਰਤ ਵਸੀਲਾ ਸਿਰਜਿਆ ਹੈ । ਓਹਨਾਂ ਨੇ ਇਹ ਵੀ ਕਿਹਾ ਕਿ ਉਹ ਸਕੂਲ ਦੇ ਹਰ ਸੰਭਵ ਸਹਿਯੋਗ ਲਈ ਤਿਆਰ – ਬਰ – ਤਿਆਰ ਰਹਿਣਗੇ । ਸ੍ਰੀ ਪ੍ਰਹਿਲਾਦ ਜੀ ਖਾਟਵਾਂ ਨੇ ਸਕੂਲ ਮੈਨੇਜਮੈਂਟ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ ਅਤੇ ਨਾਲ਼ ਹੀ ਉਹਨਾਂ ਸਕੂਲ ਦੀ ਇਸ ਕੋਸ਼ਿਸ਼ ਲਈ ਭਰਪੂਰ ਤਾਰੀਫ਼ ਕਰਦਿਆਂ ਕਿਹਾ ਕਿ ਸਕੂਲ ਦੁਆਰਾ ਸਮੇਂ ਦੀ ਮੰਗ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇਹ ਇੱਕ ਸ਼ਲਾਘਾਯੋਗ ਕਦਮ ਹੈ । ਇਸ ਮੌਕੇ ‘ ਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸ੍ਰੀਮਤੀ ਪਵਨਪ੍ਰੀਤ ਕੌਰ ਅਤੇ ਸ੍ਰੀਮਤੀ ਮੁਕਤਾ ਕਾਂਸਲ ਦੁਆਰਾ ਨਿਭਾਈ ਗਈ । ਮਾਸਟਰ ਗੁਰਮੀਤ ਸਿੰਘ ਨੇ ਪੰਜਾਬੀ ਸੱਭਿਆਚਾਰ ਬਾਰੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਸਕੂਲ ਦੁਆਰਾ ਆਉਣ ਵਾਲੇ ਦਿਨਾਂ ਵਿੱਚ ਕਰਵਾਏ ਜਾਣ ਵਾਲ਼ੇ ਪ੍ਰੋਗਰਾਮ ਨੁਹਾਰ – ਏ – ਵਿਰਾਸਤ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ । ਉੱਪ – ਪ੍ਰਿੰਸੀਪਲ ਸ੍ਰੀ ਮੋਹਿਤ ਅਨੇਜਾ ਨੇ ਸਕੂਲ ਦੀ ਨਵੇਕਲੀ ਅਤੇ ਵੱਖਰੀ ਕਾਰਜਸ਼ੈਲੀ ‘ਤੇ ਚਾਨਣਾ ਪਾਇਆ । ਸਕੂਲ ਵੱਲੋਂ ਉਦਘਾਟਨ ਦੇ ਖ਼ਾਸ ਮੌਕੇ ਤੇ ਸ਼ੂਟਿੰਗ ਦੇ ਖੇਤਰ ਵਿੱਚ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ‘ਤੇ ਵਧੀਆ ਪ੍ਰਦਰਸ਼ਨ ਕਰਨ ਵਾਲ਼ੇ 16 ਖਿਡਾਰੀਆਂ ਨੂੰ ਵੀ ਪ੍ਰਸ਼ੰਸਾ – ਪੱਤਰ ਦੇ ਕੇ ਵਿਸ਼ੇਸ ਰੂਪ ਵਿੱਚ ਸਨਮਾਨਿਤ ਕੀਤਾ ਗਿਆ । ਸਕੂਲ ਦੇ ਪ੍ਰਬੰਧਕ ਨਿਰਦੇਸ਼ਕ ਸ. ਪਰਮਜੀਤ ਸਿੰਘ ਵੈਰੜ ਨੇ ਆਏ ਹੋਏ ਮਹਿਮਾਨਾਂ ਨੂੰ ਆਪਣੇ ਭਾਸ਼ਣ ਰਾਹੀਂ ਧੰਨਵਾਦੀ ਸ਼ਬਦ ਕਹੇ ਅਤੇ ਆਪਣੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ।