ਫਰਿਜ਼ਨੋ (ਕੈਲੀਫੋਰਨੀਆ), 4 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਆਈਡਾਹੋ ਆਰਮੀ ਨੈਸ਼ਨਲ ਗਾਰਡ ਦੇ ਤਿੰਨ ਮੈਂਬਰਾਂ ਦੀ ਮੰਗਲਵਾਰ ਨੂੰ ਹੋਏ ਇੱਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਹਾਦਸੇ ਸੰਬੰਧੀ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਯੂ ਐਚ -60 ਬਲੈਕ ਹਾਕ ਹੈਲੀਕਾਪਟਰ ਬੋਸੀ ਦੇ ਨੇੜੇ ਲੱਕੀ ਚੋਟੀ ਦੇ ਦੱਖਣ ਵਿੱਚ ਰਾਤ 8 ਵਜੇ ਤੋਂ ਬਾਅਦ ਕਰੈਸ਼ ਹੋਇਆ ,ਜਿਸ ਵਿੱਚ ਤਿੰਨ ਅਧਿਕਾਰੀਆਂ ਦੀ ਜਾਨ ਚਲੀ ਗਈ। ਇਸ ਹੈਲੀਕਾਪਟਰ ਵਿੱਚ ਸਵਾਰ ਤਿੰਨ ਕਰਮਚਾਰੀ ਆਈਡਾਹੋ ਆਰਮੀ ਨੈਸ਼ਨਲ ਗਾਰਡ ਦੇ ਪਾਇਲਟ ਸਨ ,ਜੋ ਰੁਟੀਨ ਸਿਖਲਾਈ ਉਡਾਨ ਵਿੱਚ ਹਿੱਸਾ ਲੈ ਰਹੇ ਸਨ। ਆਈਡਾਹੋ ਆਰਮੀ ਨੈਸ਼ਨਲ ਗਾਰਡ ਦੇ ਸਟੇਟ ਹਵਾਬਾਜ਼ੀ ਅਧਿਕਾਰੀ ਕਰਨਲ ਕ੍ਰਿਸਟੋਫਰ ਬਰਟ ਦੇ ਅਨੁਸਾਰ ਇਹ ਜਹਾਜ਼ ਸਵੇਰੇ 7: 45 ਵਜੇ ਸੰਪਰਕ ਵਿੱਚ ਸੀ ਅਤੇ ਐਮਰਜੈਂਸੀ ਟ੍ਰਾਂਸਮੀਟਰ ਲੋਕੇਟਰ ਉਪਕਰਣ ਦੇ 8 ਵਜੇ ਤੋਂ ਬਾਅਦ ਚਾਲੂ ਹੋਣ ਕਾਰਨ ਰਿਕਵਰੀ ਪ੍ਰਕਿਰਿਆ ਆਰੰਭ ਕੀਤੀ ਗਈ, ਜਿਸ ਵਿੱਚ ਹਵਾਈ ਅਤੇ ਜ਼ਮੀਨੀ ਤਲਾਸ਼ੀ ਅਭਿਆਨ ਅਤੇ ਬਚਾਅ ਕਾਰਜਕਰਤਾ ਸ਼ਾਮਿਲ ਸਨ। ਕਰਨਲ ਕ੍ਰਿਸਟੋਫਰ ਅਨੁਸਾਰ ਹਾਦਸੇ ਦੇ ਸਮੇਂ ਬਰਫੀਲਾ ਮੌਸਮ ਸੀ ਜਦਕਿ ਹਾਦਸੇ ਵਾਲਾ ਖੇਤਰ ਵੀ ਇੱਕ ਪਹਾੜੀ ਸਥਾਨ ਸੀ।ਇਸ ਹਾਦਸੇ ਦੇ ਬਾਅਦ ਅਧਿਕਾਰੀਆਂ ਅਨੁਸਾਰ ਜਹਾਜ਼ ਅਤੇ ਮ੍ਰਿਤਕ ਕਰਮਚਾਰੀ ਬੁੱਧਵਾਰ ਸਵੇਰੇ 12: 15 ਵਜੇ ਦੇ ਕਰੀਬ ਘਟਨਾ ਸਥਾਨ ਤੋਂ ਬਰਾਮਦ ਹੋਏ। ਇਸ ਹੈਲੀਕਾਪਟਰ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਹਾਦਸੇ ਵਿੱਚ ਮਰਨ ਵਾਲੇ ਤਿੰਨਾਂ ਅਧਿਕਾਰੀਆਂ ਦੇ ਨਾਵਾਂ ਨੂੰ ਫਿਲਹਾਲ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਤੱਕ ਨਹੀ ਦੱਸਿਆ ਗਿਆ ਹੈ। ਇਸ ਹਾਦਸੇ ਨੂੰ ਨੈਸ਼ਨਲ ਗਾਰਡ ਦੇ ਅਧਿਕਾਰੀਆਂ ਨੇ ਸੈਨਾ ਅਤੇ ਕਮਿਊਨਿਟੀ ਦਾ ਬਹੁਤ ਵੱਡਾ ਨੁਕਸਾਨ ਦੱਸਿਆ ਹੈ।