ਫਰਿਜ਼ਨੋ (ਕੈਲੀਫੋਰਨੀਆ), 3 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਗੋਲੀਬਾਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸਦੀ ਇੱਕ ਤਾਜਾ ਘਟਨਾ ਵਿੱਚ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਕਲਾਹੋਮਾ ਦੇ ਇੱਕ ਘਰ ਵਿੱਚ ਮੰਗਲਵਾਰ ਸਵੇਰੇ ਛੇ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਵਿੱਚ ਪੰਜ ਛੋਟੇ ਬੱਚੇ ਵੀ ਸ਼ਾਮਿਲ ਸਨ। ਇਸ ਕਤਲੇਆਮ ਦੇ ਇੱਕ ਦੋਸ਼ੀ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮੰਗਲਵਾਰ ਸਵੇਰੇ 1:30 ਵਜੇ ਦੇ ਕਰੀਬ ਤੁਲਸਾ ਤੋਂ ਲੱਗਭਗ 45 ਮੀਲ ਦੱਖਣ ਪੂਰਬ ਵਿੱਚ ਤਕਰੀਬਨ 40,000 ਵਸੋਂ ਵਾਲੇ ਸ਼ਹਿਰ ਮਸਕੋਗੀ ਦੇ ਇੱਕ ਘਰ ਵਿੱਚ ਗੋਲੀਬਾਰੀ ਹੋਣ ਦੀ ਸੂਚਨਾ ਮਿਲਣ ‘ਤੇ ਅਧਿਕਾਰੀਆਂ ਵੱਲੋਂ ਘਟਨਾ ਸਥਾਨ ‘ਤੇ ਪਹੁੰਚਦਿਆਂ ਹੀ ਇੱਕ ਬੰਦੂਕਧਾਰੀ ਵਿਅਕਤੀ ਦਾ ਸਾਹਮਣਾ ਕੀਤਾ ਸਾਹਮਣਾ ਕੀਤਾ ਗਿਆ ਜਦਕਿ ਇੱਕ ਅਧਿਕਾਰੀ ਦੁਆਰਾ ਸ਼ੱਕੀ ‘ਤੇ ਗੋਲੀ ਵੀ ਚਲਾਈ ਗਈ ਪਰ ਉਹ ਬਚ ਕੇ ਭੱਜ ਗਿਆ , ਜਿਸਨੂੰ ਬਾਅਦ ਵਿੱਚ ਹਿਰਾਸਤ ‘ਚ ਲੈ ਲਿਆ ਗਿਆ ਸੀ। ਇਸ ਗੋਲੀਬਾਰੀ ਵਿੱਚ ਇੱਕ ਆਦਮੀ ਅਤੇ ਚਾਰ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਪੰਜਵੇਂ ਬੱਚੇ ਨੂੰ ਤੁਲਸਾ ਦੇ ਇੱਕ ਹਸਪਤਾਲ ਵਿੱਚ ਮ੍ਰਿਤਕ ਕਰਾਰ ਦਿੱਤਾ ਗਿਆ। ਮਸਕੋਗੀ ਪੁਲਿਸ ਅਫਸਰ ਲੀਨ ਹੈਮਲਿਨ ਨੇ ਮ੍ਰਿਤਕਾਂ ਨੂੰ “ਛੋਟੇ ਬੱਚੇ” ਦੱਸਿਆ ਹੈ ਪਰ ਪੁਲਿਸ ਨੇ ਅਜੇ ਉਨ੍ਹਾਂ ਦੀ ਸਹੀ ਉਮਰ ਜਾਂ ਗ੍ਰਿਫਤਾਰ ਕੀਤੇ ਵਿਅਕਤੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਇਸਦੇ ਇਲਾਵਾ ਇਸ ਗੋਲੀਬਾਰੀ ਦੇ ਕਾਰਨਾਂ ਦੀ ਵੀ ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ।