ਫਰਿਜ਼ਨੋ (ਕੈਲੀਫੋਰਨੀਆ), 28 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ 20 ਜਨਵਰੀ ਦੇ ਦਿਨ ਹੋਏ ਸਹੁੰ ਚੁੱਕ ਸਮਾਗਮ ਨੂੰ ਵੱਡੇ ਪੱਧਰ ‘ਤੇ ਲੱਗਭਗ 33 ਮਿਲੀਅਨ ਤੋਂ ਜ਼ਿਆਦਾ ਦੇਸ਼ ਵਾਸੀਆਂ ਦੁਆਰਾ ਟੀਵੀ ਉੱਪਰ ਦੇਖਿਆ ਗਿਆ। ਇਸ ਸੰਬੰਧੀ ਨੀਲਸਨ ਕੰਪਨੀ, ਜੋ ਕਿ ਟੀਵੀ ਦਰਸ਼ਕਾਂ ਸੰਬੰਧੀ ਖੋਜ ਦਾ ਕੰਮ ਕਰਦੀ ਹੈ, ਦਾ ਅਨੁਮਾਨ ਹੈ ਤਕਰੀਬਨ 33.8 ਮਿਲੀਅਨ ਲੋਕਾਂ ਨੇ ਬਾਈਡੇਨ ਨੂੰ 46ਵੇ ਰਾਸ਼ਟਰਪਤੀ ਵਜੋਂ ਸਹੁੰ ਲੈਂਦਿਆਂ ਟੀਵੀ ਤੇ ਵੇਖਿਆ ਹੈ। ਨੀਲਸਨ ਦੇ ਅਨੁਸਾਰ ਇਸ ਉਦਘਾਟਨ ਨੂੰ ਵੇਖਣ ਲਈ ਸੀ ਐਨ ਐਨ ਸਭ ਤੋਂ ਪਸੰਦੀਦਾ ਨੈਟਵਰਕ ਸੀ, ਜਿਸਨੂੰ ਤਕਰੀਬਨ 10 ਮਿਲੀਅਨ ਲੋਕਾਂ ਦੁਆਰਾ ਦੇਖਿਆ ਗਿਆ ਜਦਕਿ ਸਭ ਤੋਂ ਘੱਟ ਵੇਖਿਆ ਗਿਆ ਚੈਨਲ ਫੌਕਸ ਨਿਊਜ਼ ਸੀ, ਜਿਸ ਨਾਲ ਲੱਗਭਗ 2.7 ਮਿਲੀਅਨ ਦਰਸ਼ਕ ਜੁੜੇ ਸਨ। ਨੀਲਸਨ ਦੇ ਅਨੁਸਾਰ, ਟੀਵੀ ਉੱਪਰ ਇਸ ਸਮਾਰੋਹ ਨੂੰ 55 ਸਾਲ ਅਤੇ ਇਸ ਤੋਂ ਵੱਧ ਉਮਰ ਦੇ 20.8 ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆ ਅਤੇ 35 ਤੋਂ 25 ਸਾਲ ਦੀ ਉਮਰ ਦੇ 8.2 ਮਿਲੀਅਨ ਤੋਂ ਵੱਧ ਲੋਕ ਇਸ ਵਿੱਚ ਸ਼ਾਮਿਲ ਸਨ ਜਦਕਿ 18-34 ਸਾਲ ਦੇ ਲੱਗਭਗ 2.8 ਮਿਲੀਅਨ ਤੋਂ ਵੱਧ ਦਰਸ਼ਕਾਂ ਨੇ ਆਪਣੀ ਟੀਵੀ ਸਕਰੀਨ ਤੇ ਇਹ ਪ੍ਰੋਗਰਾਮ ਦੇਖਿਆ। ਜਿਕਰਯੋਗ ਹੈ ਕਿ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਦਘਾਟਨ ਸਮਾਰੋਹ ਦੀ ਕਮੇਟੀ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਸਮਾਰੋਹ ਸੰਬੰਧੀ ਯਾਤਰਾ ਤੋਂ ਬਚਣ ਅਤੇ ਘਰ ਤੋਂ ਹੀ ਦੇਖਣ ਲਈ
ਅਪੀਲ ਕੀਤੀ ਸੀ। ਰਾਸ਼ਟਰਪਤੀ ਜੋਅ ਬਾਈਡੇਨ ਦਾ ਸਹੁੰ ਚੁੱਕ ਸਮਾਗਮ ਤਕਰੀਬਨ 33.8 ਮਿਲੀਅਨ ਟੀਵੀ ਦਰਸ਼ਕਾਂ ਨਾਲ ਸਾਬਕਾ ਰਾਸ਼ਟਰਪਤੀਆਂ ਬਰਾਕ ਓਬਾਮਾ( 37.8 ਮਿਲੀਅਨ) ਅਤੇ ਰੋਨਾਲਡ ਰੀਗਨ (41.8 ਮਿਲੀਅਨ) ਤੋਂ ਪਿੱਛੇ ਤੀਜੇ ਨੰਬਰ ਤੇ ਹੈ। ਜਦਕਿ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਨੂੰ 31 ਮਿਲੀਅਨ ਲੋਕਾਂ ਦੁਆਰਾ ਟੀਵੀ ‘ਤੇ ਵੇਖਿਆ ਗਿਆ ਸੀ।