ਬਠਿੰਡਾ, 18 ਜਨਵਰੀ – ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ) ਡਾ. ਬਹਾਦਰ ਸਿੰਘ ਸਿੱਧੂ ਵਲੋਂ ਛੋਲਿਆਂ ਦੀ ਫ਼ਸਲ ਨੂੰ ਸੁੰਡੀ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਨਾਂ ਕਿਹਾ ਕਿ ਇਹ ਸੁੰਡੀ ਛੋਲਿਆਂ ਦੇ ਪੱਤੇ, ਡੋਡੀਆਂ, ਫ਼ੁੱਲ ਤੇ ਦਾਣਿਆਂ ਨੂੰ ਖਾਂਦੀ ਹੈ, ਜਿਸ ਕਾਰਨ ਫ਼ਸਲ ਦਾ ਭਾਰੀ ਨੁਕਸਾਨ ਹੁੰਦਾ ਹੈ।
ਇਸ ਬਾਰੇ ਡਿਪਟੀ ਡਾਇਰੈਕਟਰ ਖੇਤੀਬਾੜੀ ਦਾਲਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ੁੱਲ ਤੇ ਦਾਣਿਆਂ ਨੂੰ ਬਨਣ ਸਮੇਂ ਸੁੰਡੀ ਦਾ ਹਮਲਾ ਹੋਣ ’ਤੇ ਇਸ ਦੀ ਰੋਕਥਾਮ ਲਈ 800 ਗ੍ਰਾਮ ਬੈਸੀਲਸ ਥੁਰੀਨਜਿਐਨਸਿਸ 0.5 ਡਬਲਯੂ ਪੀ ਜਾਂ 50 ਮਿਲੀਲਿਟਰ ਕੋਰਾਜਿਨ 18.5 ਐਸ.ਸੀ. ਜਾਂ 80 ਗ੍ਰਾਮ ਪਰੋਕਲੇਮ 5 ਐਸ.ਜੀ. ਜਾਂ 160 ਮਿਲੀਲਿਟਰ ਰਿਮੌਨ 10 ਈ.ਸੀ. ਦੀ ਸਪਰੇਅ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਵੇ। ਉਨਾਂ ਕਿਹਾ ਕਿ ਜੇਕਰ ਲੋੜ ਪਵੇ ਤਾਂ ਦੋ ਹਫਤਿਆਂ ਪਿੱਛੋਂ ਕੀਟਨਾਸ਼ਕ ਦੀ ਵਰਤੋਂ ਫਿਰ ਦੁਹਰਾਈ ਜਾ ਸਕਦੀ ਹੈ।
ਉਨਾਂ ਇਹ ਵੀ ਚੇਤਾਵਨੀ ਦਿੱਤੀ ਕਿ ਛੋਲਿਆਂ ਦੀ ਫ਼ਸਲ ’ਤੇ ਕੋਰਜਿਨ 18.5 ਐਸ.ਸੀ. ਦੇ ਛਿੜਕਾਅ ਤੋਂ ਬਾਅਦ 3 ਦਿਨ ਤੱਕ ਭੁਰਜੀ ਜਾਂ ਛੋਲਿਆ ਦੀ ਵਰਤੋਂ ਨਾ ਕੀਤੀ ਜਾਵੇ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਨਵਰਤਨ ਕੌਰ ਨੇ ਛੋਲਿਆਂ ਦੀ ਸਿੰਚਾਈ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਭਾਰੀਆਂ ਜ਼ਮੀਨਾਂ ਖਾਸ ਕਰਕੇ ਝੋਨੇ ਪਿੱਛੋਂ ਬੀਜੇ ਛੋਲਿਆਂ ਦੀ ਫਸਲ ਨੂੰ ਪਾਣੀ ਬਿਲਕੁਲ ਨਾ ਲਾਓ, ਕਿਉਂਕਿ ਇਸ ਨਾਲ ਸਾਰੀ ਫਸਲ ਖਰਾਬ ਹੋ ਸਕਦੀ ਹੈ।