Menu

ਅਮਰੀਕੀ ਪੰਜਾਬੀ ਡਾਕਟਰ ਨੇ ਦਿੱਲੀ ਬਾਰਡਰ ‘ਤੇ ਵਸਾਇਆ ਆਧੁਨਿਕ ਸਹੂਲਤਾਂ ਵਾਲਾ “ਪਿੰਡ ਕੈਲੀਫੋਰਨੀਆ”

(ਡਾ. ਸਵਾਈ ਮਾਨ ਸਿੰਘ ਦੀ ਹਰਕੋਈ ਕਰ ਰਿਹਾ ਤਰੀਫ਼)

ਭਾਰਤ ਵਿੱਚ ਮੋਦੀ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਮ ਤੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ। ਇਹਨਾਂ ਕਾਨੂੰਨਾਂ ਨੂੰ ਵਾਪਿਸ ਅਤੇ ਰੱਦ ਕਰਵਾਉਣ ਲਈ ਕਿਸਾਨਾਂ ,ਮਜਦੂਰਾਂ ਅਤੇ ਹੋਰ ਕਿਸਾਨ ਹਮਾਇਤੀ ਜੱਥੇਬੰਦੀਆਂ ਵੱਲੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਤਕਰੀਬਨ ਡੇਢ ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੰਘਰਸ਼ ਹੁਣ ਕਿਸਾਨੀ ਹਿਤਾਂ ਨੂੰ ਬਚਾਉਣ ਲਈ ਅਤੇ ਹੱਕ ਪ੍ਰਾਪਤ ਕਰਨ ਲਈ ਇੱਕ ਮੁਹਿੰਮ ਬਣ ਚੁੱਕਾ ਹੈ। ਕਿਸਾਨਾਂ ਦੀ ਹਮਾਇਤ ਲਈ ਸੰਸਾਰ ਭਰ ਵਿੱਚ ਫੈਲ ਚੁੱਕੀ ਇਸ ਮੁਹਿੰਮ ਵਿੱਚ ਪੰਜਾਬੀ ਭਾਈਚਾਰੇ ਦੇ ਵਿਦੇਸ਼ਾਂ ਵਿੱਚ ਵਸਦੇ ਲੋਕ ਵੀ ਆਪਣਾ ਯੋਗਦਾਨ ਵੱਡੇ ਪੱਧਰ ਤੇ ਪਾ ਰਹੇ ਹਨ। ਇਹਨੀ ਦਿਨੀ ਕੜਾਕੇ ਦੀ ਇਸ ਠੰਢ “ਚ ਦਿੱਲੀ ਵਿੱਚ ਸਰਕਾਰ ਦੇ ਕੰਨੀ ਆਪਣੀ ਗੱਲ ਪਹੁੰਚਾਉਣ ਦੇ ਮੰਤਵ ਨਾਲ ਹਜ਼ਾਰਾਂ ਕਿਸਾਨ ਅਤੇ ਹੋਰ ਕਿਸਾਨ ਹਮਾਇਤੀ ਡੇਰਾ ਲਗਾ ਕੇ ਬੈਠੇ ਹਨ। ਇਹਨਾਂ ਲੋਕਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਕਰਨ ਲਈ ਸੈਂਕੜੇ ਜੱਥੇਬੰਦੀਆਂ ਆਪਣਾ ਯੋਗਦਾਨ ਪਾ ਰਹੀਆਂ ਹਨ। ਅਜਿਹੀ ਹੀ ਇੱਕ ਸੇਵਾ ਦੀ ਮਿਸ਼ਾਲ ਦਿੱਲੀ ਦੇ ਟਿਕਰੀ ਬਾਰਡਰ ‘ਤੇ ਅਮਰੀਕਾ ਵਸਦੇ ਪੰਜਾਬੀ ਮੂਲ ਦੇ ਡਾਕਟਰ ਨੇ ਆਪਣੀ ਟੀਮ ਨਾਲ ਮਿਲ ਕੇ ਇੱਥੋਂ ਦੇ ਇੱਕ ਬੱਸ ਸਟੈਂਡ ਨੂੰ ਪਨਾਹ ਘਰ ਵਿੱਚ ਬਦਲ ਕੇ ਦਿੱਤੀ ਹੈ, ਜਿਸ ਨੂੰ “ਪਿੰਡ ਕੈਲੀਫੋਰਨੀਆ” ਦਾ ਨਾਮ ਦਿੱਤਾ ਗਿਆ ਹੈ। ਪੰਜਾਬ ਦੇ ਖਡੂਰ ਸਾਹਿਬ ਦੇ ਪੱਖੋਕੇ ਪਿੰਡ ਨਾਲ ਸੰਬੰਧਿਤ , ਡਾ. ਸਵਾਈ ਮਾਨ ਸਿੰਘ (ਹਾਰਟ ਸ਼ਪੈਸ਼ਲਿਸਟ) ਜੋ ਕਿ 24 ਸਾਲ ਪਹਿਲਾਂ  ਨਿਊਜਰਸੀ ਚਲੇ ਗਏ ਸਨ, ਨੇ ਆਪਣੀ
‘ ਫਾਈਵ ਰਿਵਰਜ਼ ਹਾਰਟ ਐਸੋਸੀਏਸ਼ਨ’ , ਐਨ ਜੀ ਓ  ਟੀਮ ਦੇ ਮੈਂਬਰਾਂ ਨਾਲ ਮਿਲ ਕੇ ਬਹਾਦੁਰਗੜ ਦੇ ਉਸਾਰੀ ਅਧੀਨ ਬੱਸ ਅੱਡੇ ਨੂੰ ‘ਪਿੰਡ ਕੈਲੀਫੋਰਨੀਆ’ ਦੇ ਨਾਮ ਨਾਲ ਇੱਕ ਵੱਡੇ ਪਨਾਹ ਘਰ ਵਿੱਚ ਤਬਦੀਲ ਕਰ ਦਿੱਤਾ ਹੈ,  ਜਿਥੇ ਕਿ ਇਸ ਸੰਘਰਸ਼ ਵਿੱਚ ਸ਼ਾਮਿਲ ਹੋਏ 4,000 ਤੋਂ ਵੱਧ ਕਿਸਾਨਾਂ ਨੂੰ ਰਿਹਾਇਸ਼ ਮਿਲੇਗੀ। ਇਸ ਦੇ ਨਾਲ, ਇਸ ਪਿੰਡ ਕੈਲੀਫੋਰਨੀਆ ਵਿੱਚ ਕਈ ਸਹੂਲਤਾਂ ਜਿਵੇਂ ਕਿ ਖੇਡਾਂ, ਕੀਰਤਨ, ਸਾਹਿਤ, ਇਲੈਕਟ੍ਰਿਕ ਗੀਜ਼ਰ ਵਾਲੇ ਵਾਸ਼ਰੂਮ, ਵਾਸ਼ਿੰਗ ਮਸ਼ੀਨ, ਲੰਗਰ, ਆਦਿ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਸੰਬੰਧੀ ਡਾ. ਸਵਾਈ ਮਾਨ ਸਿੰਘ ਅਨੁਸਾਰ ਉਹ ਮੁਸ਼ਕਿਲ ਦੇ ਸਮੇਂ ਵਿੱਚ  ਆਪਣੀ ਕੌਮ ਦੇ ਲੋਕਾਂ ਦੀ ਸੇਵਾ ਕਰਨ ਨੂੰ ਆਪਣਾ ਫਰਜ਼ ਸਮਝਦੇ ਹਨ, ਇਸ ਲਈ ਉਹ ਆਪਣੀ ਨੌਕਰੀ ਛੱਡ ਕੇ ਹੱਕਾਂ ਲਈ ਲੜ ਰਹੇ ਕਿਸਾਨਾਂ ਦੀ ਸੇਵਾ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ‘ਪਿੰਡ ਕੈਲੀਫੋਰਨੀਆ’ ਕਿਸਾਨਾਂ ਖ਼ਾਸਕਰ ਬਜ਼ੁਰਗ , ਔਰਤਾਂ ਨੂੰ ਘਰੇਲੂ ਸਹੂਲਤਾਂ ਮੁਹੱਈਆ ਕਰਵਾਏਗਾ ,ਜਿਸਦੀ ਇਜਾਜ਼ਤ ਮਿਲਣ ਤੋਂ ਬਾਅਦ ਬੱਸ ਅੱਡੇ ਵਿੱਚ ਨਵੀਨੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਡਾਕਟਰ ਸਵਾਈ ਮਾਨ ਸਿੰਘ ਅਨੁਸਾਰ ਹੋਰ ਮੁੱਢਲੀਆਂ ਸਹੂਲਤਾਂ ਦੇ ਨਾਲ ਡਾਕਟਰਾਂ ਦੀ ਇੱਕ ਟੀਮ ਹਰ ਰੋਜ਼ ਇਮਾਰਤ ਦੇ ਅੰਦਰ ਕਿਸਾਨਾਂ ਨੂੰ ਦਵਾਈਆਂ ਵੀ ਮੁਹੱਈਆ ਕਰਵਾਏਗੀ। ਇਸਦੇ ਇਲਾਵਾ ਨੌਜਵਾਨਾਂ ਲਈ ਵੀ ਇੱਥੇ ਖੇਡ ਸਹੂਲਤਾਂ ਦਾ ਪ੍ਰਬੰਧ ਕਰਨ ਦੇ ਨਾਲ ਇੱਥੇ  ਅਰਦਾਸ ਕਰਵਾਉਣ ਲਈ ਇੱਕ ਕੀਰਤਨ ਹਾਲ ਵੀ ਹੋਵੇਗਾ, ਜੋ ਕਿ ਪੰਜਾਬ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ। 4,000 ਤੋਂ ਵੱਧ ਲੋਕਾਂ ਨੂੰ ਪਨਾਹ ਦੇਣ ਦੀ ਸਮਰੱਥਾ ਵਾਲੇ ਪਿੰਡ ਕੈਲੀਫੋਰਨੀਆ ਨੂੰ ਭਵਿੱਖ ਵਿੱਚ 15,000 ਲੋਕਾਂ ਨੂੰ ਪਨਾਹ ਦੇਣ ਦੇ ਯੋਗ ਬਨਾਉਣ ਦੀ ਵੀ ਯੋਜਨਾ ਹੈ। ਇੰਨਾ ਹੀ ਨਹੀ ਇਸ ਪਨਾਹ ਘਰ ਵਿੱਚ ਕੋਰੋਨਾਂ ਵਾਇਰਸ ਦੇ ਮੱਦੇਨਜ਼ਰ ਪੂਰੀ ਸਫਾਈ ਅਤੇ ਹੋਰ ਸਾਵਧਾਨੀ ਰੱਖੀ ਜਾ ਰਹੀ ਹੈ। ਇਸ ਸੰਕਟ ਦੇ ਸਮੇਂ ਵਿੱਚ ਡਾ. ਸਵਾਈ ਮਾਨ ਸਿੰਘ ਨੇ ਆਪਣੇ ਪੇਸ਼ੇ ਨਾਲ ਸੰਬੰਧਿਤ ਲੋਕਾਂ ਨੂੰ ਕਿਸਾਨਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ ਹੈ।ਜੇਕਰ ਇਸ ਤਰ੍ਹਾਂ ਦੀ ਬਿਨਾਂ ਕਿਸੇ ਸਵਾਰਥ ਤੋਂ ਸੇਵਾ ਭਾਵਨਾ ਦੀ ਇੱਛਾ ਹਰ ਇਨਸਾਨ ਵਿੱਚ ਹੋਵੇ ਤਾਂ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਫਤਹਿ ਕੀਤੇ ਜਾ ਸਕਦੇ ਹਨ।
ਪੱਤਰਕਾਰ- ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’
ਫਰਿਜ਼ਨੋ ਕੈਲੀਫੋਰਨੀਆਂ
559-333-5776

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In