ਕੈਲੀਫੋਰਨੀਆਂ,10 ਦਸੰਬਰ ,( ਗੁਰਿੰਦਰਜੀਤ ਨੀਟਾ ਮਾਛੀਕੇ ) – ਅਮਰੀਕੀ ਸੂਬੇ ਟੈਕਸਾਸ ਵਿੱਚ ਅਧਿਕਾਰੀਆਂ ਦੁਆਰਾ ਇੱਕ ਟਰੱਕ ਰਾਹੀ ਗੈਰਕਾਨੂੰਨੀ ਤੌਰ ਤੇ ਦਾਖਲ ਹੋ ਰਹੇ 40 ਪ੍ਰਵਾਸੀਆਂ ਨੂੰ ਸਮੇਤ ਡਰਾਈਵਰ ਗ੍ਰਿਫਤਾਰ ਕੀਤਾ ਗਿਆ ਹੈ।ਅਧਿਕਾਰੀਆਂ ਅਨੁਸਾਰ ਇਸ ਮਾਮਲੇ ਵਿੱਚ ਦੱਖਣੀ ਕੈਰੋਲਿਨਾ ਦੇ ਇੱਕ ਵਿਅਕਤੀ ਨੇ ਸੰਯੁਕਤ ਰਾਜ ਦੀ ਸਰਹੱਦ ‘ਤੇ ਟਰੱਕ ਅੰਦਰ ਦਰਜਨਾਂ ਪ੍ਰਵਾਸੀਆਂ ਦੀ ਤਸਕਰੀ ਕਰਨ ਦਾ ਦੋਸ਼ ਮੰਨਿਆ ਹੈ। ਟੈਕਸਾਸ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਅਨੁਸਾਰ ਰਿਜਲੈਂਡ ਦੇ 35 ਸਾਲਾ ਐਲੋਈ ਮਾਰਟੀਨੇਜ਼-ਕੈਰਨਜ਼ਾ ਨੂੰ ਆਪਣੇ ਵਾਹਨ ਵਿੱਚ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਲਿਜਾਣ ਦੀ ਸਾਜਿਸ਼ ਰਚਣ ਲਈ ਦੋਸ਼ੀ ਮੰਨਿਆ ਗਿਆ ਹੈ।ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਤੂਬਰ ਵਿੱਚ ਗਸ਼ਤ ਦੌਰਾਨ ਪੁਲਿਸ ਦੇ ਖੋਜੀ ਕੁੱਤੇ ਨੇ ਅਧਿਕਾਰੀਆਂ ਨੂੰ ਲਾਰੇਡੋ ਚੌਕੀ ‘ਤੇ ਇਸ ਡਰਾਈਵਰ ਦੁਆਰਾ ਟਰੱਕ ਅੰਦਰ ਲਿਜਾਏ ਜਾ ਰਹੇ ਲੋਕਾਂ ਬਾਰੇ ਸੁਚੇਤ ਕਰਨ ਤੇ ਅਧਿਕਾਰੀਆਂ ਨੇ ਟਰੱਕ ਅੰਦਰੋਂ 40 ਗੈਰ ਪ੍ਰਮਾਣਿਤ ਪ੍ਰਵਾਸੀਆਂ ਨੂੰ ਬਰਾਮਦ ਕੀਤਾ ਜਿਹਨਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਸਨ। ਇਸ ਮਾਮਲੇ ਦੀ ਅਗਲੀ ਜਾਂਚ ਨੇ ਏਜੰਟਾਂ ਨੂੰ ਇੱਕ ਘਰ ਵਿੱਚ 22 ਹੋਰ ਬਿਨਾਂ ਦਸਤਾਵੇਜਾਂ ਦੇ ਪ੍ਰਵਾਸੀਆਂ ਨੂੰ ਲੱਭਣ ਵਿੱਚ ਸਫਲਤਾ ਮਿਲੀ ਅਤੇ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਇੱਕ ਹੋਰ 28 ਸਾਲਾ ਲਾਰੇਡੋ ਦੇ ਵਿਅਕਤੀ ਜੋਸ ਮਾਰੀਆ ਰਮੀਰੇਜ਼ ਨੂੰ ਦੋਸ਼ੀ ਮੰਨਿਆ ਗਿਆ। ਇਸ ਅਪਰਾਧਿਕ ਗਤੀਵਿਧੀ ਲਈ ਦੋਵੇ ਵਿਅਕਤੀ ਮਾਰਚ ਵਿੱਚ ਸਜ਼ਾ ਸੁਣਾਏ ਜਾਣ ‘ਤੇ 10 ਸਾਲ ਤੱਕ ਜੇਲ੍ਹ ਵਿੱਚ ਜਾ ਸਕਦੇ ਹਨ।