ਕੈਲੀਫੋਰਨੀਆਂ, 10 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ) – ਵਿਸਕਾਨਸਿਨ ਨੈਸ਼ਨਲ ਗਾਰਡ ਦੀ ਜਾਣਕਾਰੀ ਅਨੁਸਾਰ ਇੱਕ ਅਮਰੀਕੀ ਐੱਫ -16 ਲੜਾਕੂ ਜਹਾਜ਼, ਜੋ ਕਿ ਇੱਕ ਰੁਟੀਨ ਸਿਖਲਾਈ ਮਿਸ਼ਨ ਤੇ ਸੀ, ਮਿਸ਼ੀਗਨ ਦੇ ਉੱਪਰੀ ਪ੍ਰਾਇਦੀਪ ਖੇਤਰ ਵਿੱਚ ਮੰਗਲਵਾਰ ਰਾਤ ਨੂੰ ਕਰੈਸ਼ ਹੋ ਗਿਆ ਅਤੇ ਇਸ ਹਾਦਸੇ ਵਿੱਚ ਪਾਇਲਟ ਜੋ ਕਿ ਜ਼ਹਾਜ ਵਿੱਚ ਇਕੱਲਾ ਹੀ ਸੀ ਫਿਲਹਾਲ ਅਜੇ ਲਾਪਤਾ ਹੈ। ਇਸ ਹਾਦਸੇ ਦੇ ਸੰਬੰਧ ਵਿੱਚ ਨੈਸ਼ਨਲ ਗਾਰਡ ਦੇ 115 ਵੇਂ ਲੜਾਕੂ ਵਿੰਗ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਪਾਇਲਟ ਦੀ ਭਾਲ ਜਾਰੀ ਹੈ ਅਤੇ ਇਸ ਸਮੇਂ ਪਾਇਲਟ ਦੀ ਸਥਿਤੀ ਅਜੇ ਅਣਜਾਣ ਹੈ ਜਦਕਿ ਵਿੰਗ ਅਨੁਸਾਰ ਇਸ ਸੰਬੰਧੀ ਸੰਯੁਕਤ ਰਾਜ ਦੇ ਕੋਸਟ ਗਾਰਡ ਅਤੇ ਹੋਰ ਸਰਕਾਰੀ ਏਜੰਸੀਆਂ ਨਾਲ ਤਾਲਮੇਲ ਕਰਨ ਦੇ ਨਾਲ ਧਰਤੀ, ਹਵਾ ਅਤੇ ਪਾਣੀ ਵਿੱਚ ਵੀ ਪਾਈਲਟ ਦੀ ਭਾਲ ਅਤੇ ਬਚਾਅ ਦੇ ਯਤਨ ਜਾਰੀ ਹਨ।
ਹਾਦਸਾਗ੍ਰਸਤ ਹੋਇਆ ਲੜਾਕੂ ਜ਼ਹਾਜ ਮੈਡੀਸਨ ਦੇ ਟਰੂਐਕਸ ਫੀਲਡ ਏਅਰ ਨੈਸ਼ਨਲ ਗਾਰਡ ਬੇਸ ਵਿੱਚ ਵਿਸਕਾਨਸਿਨ ਏਅਰ ਨੈਸ਼ਨਲ ਗਾਰਡ ਦੇ 115 ਵੇਂ ਲੜਾਕੂ ਵਿੰਗ ਤੋਂ ਸੀ। ਇਸ ਫਾਈਟਰ ਵਿੰਗ ਦੇ ਕਮਾਂਡਰ ਕਰਨਲ ਬਾਰਟ ਵੈਨ ਰੂ ਅਨੁਸਾਰ ਕੀਤੇ ਜਾ ਰਹੇ ਖੋਜ ਅਤੇ ਬਚਾਅ ਕਾਰਜਾਂ ਦੇ ਨਾਲ ਪਾਇਲਟ ਦੀ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਹੈ ਜਦਕਿ ਇਸ ਹਾਦਸੇ ਦੇ ਕਾਰਨਾਂ ਦੀ ਵੀ ਅਜੇ ਜਾਂਚ ਕੀਤੀ ਜਾ ਰਹੀ ਹੈ।