ਫਰਿਜ਼ਨੋ (ਕੈਲੀਫੋਰਨੀਆਂ), 3 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਵਾਇਰਸ ਦੇ ਮਾਮਲਿਆਂ ਦਾ ਵਾਧਾ ਲਗਾਤਾਰ ਜਾਰੀ ਹੈ। ਕੇਸਾਂ ਦੇ ਰਿਕਾਰਡ ਵਾਧੇ ਵਿੱਚ ਹੁਣ ਦੇਸ਼ ਦੇ ਸੂਬੇ ਫਲੋਰਿਡਾ ਨੇ 1 ਮਿਲੀਅਨ ਤੋਂ ਵੱਧ ਕੋਰੋਨਾਂ ਵਾਇਰਸ ਦੀ ਲਾਗ ਦੇ ਕੇਸ ਦਰਜ ਕੀਤੇ ਹਨ। ਇਸ ਅੰਕੜੇ ਨੂੰ ਪਾਰ ਕਰਕੇ ਫਲੋਰਿਡਾ ਟੈਕਸਾਸ ਅਤੇ ਕੈਲੀਫੋਰਨੀਆਂ ਤੋਂ ਬਾਅਦ ਤੀਜਾ ਰਾਜ ਬਣ ਗਿਆ ਹੈ। ਫਲੋਰਿਡਾ ਦੇ ਸਿਹਤ ਵਿਭਾਗ ਦੇ ਅਨੁਸਾਰ ਮੰਗਲਵਾਰ ਨੂੰ 8,847 ਨਵੇਂ ਕੇਸ ਸ਼ਾਮਲ ਕੀਤੇ ਜਾਣ ਤੋਂ ਬਾਅਦ, ਰਾਜ ਵਿੱਚ ਹੁਣ 1,008,166 ਮਾਮਲੇ ਅਤੇ 18,679 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਮਾਮਲੇ ਫਲੋਰੀਡਾ ਦੇ ਰਾਜਪਾਲ ਰੋਨ ਡੀਸੈਂਟਿਸ ਦੁਆਰਾ ਇੱਕ ਪ੍ਰੈਸ ਕਾਨਫਰੰਸ ਵਿੱਚ ਮਾਸਕ ਪਾਉਣ ਦੀ ਨਿਖੇਧੀ ਅਤੇ ਸਕੂਲਾਂ ਦੇ ਵਿਅਕਤੀਗਤ ਹਦਾਇਤਾਂ ਲਈ ਖੁੱਲ੍ਹੇ ਰਹਿਣ ਦੇ ਬਿਆਨ ਤੋਂ ਬਾਅਦ ਆਏ ਹਨ। ਗਵਰਨਰ ਡੀਸੈਂਟਿਸ ਜੋ ਇੱਕ ਰਿਪਬਲਿਕਨ ਹਨ ਨੇ ਮਹਾਂਮਾਰੀ ਦੌਰਾਨ ਮਾਸਕ ਪਾਉਣ ਅਤੇ ਕਾਰੋਬਾਰ ਬੰਦ ਕਰਨ ਦਾ ਵਿਰੋਧ ਕੀਤਾ ਸੀ ਅਤੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਫਲੋਰਿਡਾ ਬਹੁਤੇ ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ ਵਾਲੇ ਰਾਜਾਂ ਵਿੱਚੋਂ ਇੱਕ ਸੀ। ਇੰਨਾ ਹੀ ਨਹੀ ਗਵਰਨਰ ਡੀਸੈਂਟਿਸ ਨੇ ਪਿਛਲੇ ਹਫਤੇ ਨਗਰ ਪਾਲਿਕਾਵਾਂ ਦੁਆਰਾ ਮਹਾਂਮਾਰੀ ਨਾਲ ਸਬੰਧਤ ਆਦੇਸ਼ਾਂ ਦੀ ਉਲੰਘਣਾ ਹੋਣ ‘ਤੇ ਜ਼ੁਰਮਾਨਾ ਜਾਰੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸਦਾ ਨਤੀਜਾ ਹੁਣ ਲਾਗ ਦੇ ਮਾਮਲਿਆਂ ਵਿੱਚ ਵਾਧੇ ਦੇ ਤੌਰ ਤੇ ਸਾਹਮਣੇ ਆ ਰਿਹਾ ਹੈ।