Menu

ਫਿਰ ਵਿਵਾਦਾਂ ‘ਚ ਆਰ ਟੀ ਏ ਦਫਤਰ ਫਿਰੋਜਪੁਰ, ਕਰੋੜਾਂ ਦੀ ਕਾਰ ਦੇ ਟੈਕਸ ਦਾ ਮਾਮਲਾ

ਫਿਰੋਜ਼ਪੁਰ, 25 ਨਵੰਬਰ (ਗੁਰਦਰਸ਼ਨ ਸੰਧੂ) – ਅਕਸਰ ਹੀ ਵਿਵਾਦਾਂ ‘ਚ ਰਹਿਣ ਵਾਲੇ ਫਿਰੋਜ਼ਪੁਰ ਦੇ ਆਰ ਟੀ ਏ ਦਫਤਰ ਵਿੱਚ ਕੁੱਝ ਅਜਿਹੇ ਰਿਸ਼ਵਤਖੋਰ ਮੁਲਾਜ਼ਮ ਤਾਇਨਾਤ ਹਨ, ਜਿਹਨਾਂ ਵਲੋਂ ਹਮੇਸ਼ਾਂ ਸਰਕਾਰੀ ਖਜ਼ਾਨੇ ਨੂੰ ਢਾਹ ਲਾਉਣੀ ਹੀ ਮਕਸਦ ਰਿਹਾ ਹੈ। ਲੋਕਾਂ ਨੂੰ ਸਰਕਾਰੀ ਟੈਕਸਾਂ ਦੇ ਵਾਧੇ ਦਾ ਡਰ ਵਿਖਾ ਕੇ ਮੋਟੇ ਪੈਸੇ ਵਸੂਲਣ ਵਾਲੇ ਦਫਤਰੀ ਬਾਬੂ ਸਰਕਾਰੀ ਪੈਸਾਂ ਖਜ਼ਾਨੇ ਵਿੱਚ ਜਮਾਂ ਕਰਾਉਣ ਦੀ ਬਜਾਏ ਢੱਲਦੀ ਸ਼ਾਮ ਆਪਣੀਆਂ ਜੇਬਾਂ ਗਰਮ ਕਰਕੇ ਘਰਾਂ ਨੂੰ ਚੱਲੇ ਜਾਦੇ ਹਨ। ਅਜਿਹਾ ਹੀ ਇਕ ਮਾਮਲਾ ਆਰ.ਟੀ.ਏ ਦਫਤਰ ਫਿਰੋਜ਼ਪੁਰ ਵਿਖੇ ਤਾਇਨਾਤ ਸਰਕਾਰੀ ਬਾਬੂ ਵੱਲੋਂ ਸਮਾਰਟ ਚਿੱਪ ਦੇ ਕੰਪਿਊਟਰ ਆਪ੍ਰੇਟਰਾਂ ਦੀ ਮਿਲੀਭੁਗਤ ਨਾਲ ਕਰ ਵਿਖਾਇਆ ਹੈ, ਉਕਤ ਬਾਬੂ ਵਲੋਂ ਦੂਜੇ ਰਾਜ ‘ਤੋ ਆਈ ਇਕ ਲਗਜ਼ਰੀ ਗੱਡੀ ਦਾ ਬਣਦਾ ਲੱਖਾਂ ਰੁਪਏ ਸਰਕਾਰੀ ਟੈਕਸ ਸਰਕਾਰ ਦੇ ਖਜ਼ਾਨੇ ਪਾਉਣ ਦੀ ਬਜਾਏ ਹੜੱਪਣ ਦੀ ਚਰਚਾ ਹੈ। ਉਕਤ ਬਾਬੂ ਵਲੋਂ ਪੁਰਾਣੀ ਲਗਜ਼ਰੀ ਗੱਡੀ ਦਾ ਲੱਖਾਂ ਰੁਪਏ ਸਰਕਾਰੀ ਟੈਕਸ ਭਰਨ ਦੀ ਬਜਾਏ ਸਿਰਫ ਡੁਪਲੀਕੇਟ ਆਰ.ਸੀ ਦੀ ਬਣਦੀ ਫੀਸ ਭਰ ਕੇ ਪੰਜਾਬ ਦੇ ਫਿਰੋਜ਼ਪੁਰ ਦਾ ਨਵਾਂ ਰਜਿਸਟ੍ਰੇਸ਼ਨ ਨੰਬਰ ਜਾਰੀ ਕਰ ਦਿੱਤਾ ਗਿਆ, ਇਸ ਕੇਸ ਵਿੱਚ ਕਿਸੇ ਵੀ ਸ਼ੈਕਸ਼ਨ ਅਫਸਰ ਤੋਂ ਆਡਿਟ ਕਰਵਾਉਣਾ ਮੁਨਾਸਿਬ ਨਹੀਂ ਸਮਝਿਆ ਗਿਆ। ਏਥੇ ਹੀ ਬੱਸ ਨਹੀਂ ਉਕਤ ਬਾਬੂ ਪਿਛਲੇ ਲੰਮੇ ਸਮੇਂ ਤੋਂ ਵਿਭਾਗੀ ਘਪਲੇਬਾਜ਼ੀਆਂ ਅਤੇ ਚੋਰੀ ਦੀਆਂ ਗੱਡੀਆਂ ਦੇ ਮਾਮਲਿਆਂ ਵਿੱਚ ਅਦਾਲਤਾਂ ਦੇ ਚੱਕਰ ਵੀ ਕੱਟ ਰਿਹਾ ਹੈ ਅਤੇ ਉਕਤ ਬਾਬੂ ਦੀਆਂ ਮੁੰਬਈ ਦੇ ਕਾਰ ਚੋਰ ਗਿਰੋਹ ਨਾਲ ਕਥਿਤ ਰੂਪ ‘ਚ ਤਾਰਾਂ ਜੁੜੀਆਂ ਹੋਈਆਂ ਸੀ ਜਿਨ੍ਹਾਂ ਦੀ ਮਿਲੀ ਭੁਗਤ ਨਾਲ ਬਾਹਰਲੇ ਰਾਜਾਂ ਤੋਂ ਚੋਰੀ ਹੋਈਆਂ ਗੱਡੀਆਂ ਨੂੰ ਵੇਚਦਾ ਸੀ ਅਤੇ ਇਕ ਚੋਰੀ ਦੀ ਸਕਾਰਪੀਓ ਗੱਡੀ ਉਕਤ ਬਾਬੂ ਕੋਲੋ ਬਰਾਮਦ ਵੀ ਹੋਈ ਸੀ। ਇਸ ਬਾਬੂ ਖਿਲਾਫ਼ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਚੋਰੀ ਦੀਆਂ ਗੱਡੀਆਂ ਨੂੰ ਫੈਂਸੀ ਨੰਬਰ ਲਗਾ ਕੇ ਵੇਚਣ ਦਾ ਪਰਚਾ ਦਰਜ ਹੈ। ਦੱਸ ਦੇਈਏ ਕੇ ਉਕਤ ਬਾਬੂ ਇਸ ਤੋਂ ਪਹਿਲਾਂ ਟ੍ਰਾਂਸਪੋਰਟ ਵਿਭਾਗ ਫਰੀਦਕੋਟ ਦੇ ਦਫਤਰ ਵਿਖੇ ਵੀ ਤਾਇਨਾਤ ਸੀ ‘ਤੇ ਦਫਤਰ ‘ਚ ਹੋਏ ਹਜਾਰਾਂ ਡਰਾਈਵਿੰਗ ਲਾਇਸੰਸ ਦੇ ਘਪਲੇ ਵਿਚ ਵੀ ਉਕਤ ਬਾਬੂ ਦਾ ਨਾਂਅ ਉਭਰ ਰਿਹਾ ਸੀ, ਪਰ ਮਾਮਲਾ ਉਜਾਗਰ ਹੋਣ ਤੋਂ ਐਨ ਪਹਿਲਾ ਆਪਣੇ ਸਿਆਸੀ ਰਸੂਖ ਨਾਲ ਫਰੀਦਕੋਟ ਤੋਂ ਬਦਲੀ ਕਰਵਾ ਕੇ ਫਿਰੋਜ਼ਪੁਰ ਆ ਗਿਆ ਸੀ। ਦਫ਼ਤਰੀ ਘਪਲੇ ਬਾਜ਼ੀਆਂ ਅਤੇ ਰਿਸ਼ਵਤ ਖੌਰੀ ‘ਚ ਜਨਾਬ ਦਾ ਹੌਸਲਾਂ ਏਨਾ ਬੁਲੰਦ ਹੈ ਜੋ ਅਕਸਰ ਹੀ ਕਹਿੰਦਾ ਸੁਣਿਆ ਗਿਆ ਹੈ ਕੇ ਆਪਾ ਤਾਂ ਅਗਲਾ ਘਰ ਵੇਖਿਆ ਹੋਇਆ ਹੈ ਕੋਈ ਨਾ ਇਕ ਵਾਰ ਹੋਰ ਸਹੀ। ਦੂਜੇ ਪਾਸੇ ਟਰਾਂਸਪੋਟ ਵਿਭਾਗ ਦੀ ਨਾਲਾਇਕੀ ਇਹ ਹੈ ਕਿ ਦਾਗੀ ਕਿਸਮ ਦੇ ਮੁਲਾਜ਼ਮਾਂ ਨੂੰ ਜਿੰਮੇਵਾਰ ਸੀਟਾਂ ਦੇ ਕੇ ਨਿਵਾਜਿਆ ਜਾ ਰਿਹਾ ਹੈ ਅਤੇ ਦੇੇਸ਼ ਦੀ ਸੁਰੱਖਿਆ ਨੂੰ ਵੱਡੇ ਪੱਧਰ ‘ਤੇ ਢਾਹ ਲਾਈ ਜਾ ਰਹੀ ਹੈ। ਇਸ ਸਬੰਧੀ ਸਕੱਤਰ ਆਰ.ਟੀ.ਏ ਫਿਰੋਜ਼ਪੁਰ ਪ੍ਰਦੀਪ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਪਰ ਉਹ ਇਸਦੀ ਬਰੀਕੀ ਨਾਲ ਜਾਂਚ ਕਰਵਾਉਣਗੇ ਅਤੇ ਦੋਸ਼ੀ ਪਾਏ ਜਾਣ ਵਾਲੇ ਕਰਮਚਾਰੀ ਖਿਲਾਫ਼ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Listen Live

Subscription Radio Punjab Today

Our Facebook

Social Counter

  • 18051 posts
  • 0 comments
  • 0 fans

Log In