Menu

ਡੇਂਗੂ ਖਿਲਾਫ ਲੜਾਈ ਵਿਚ ਆਖਰੀ ਹੱਲਾ ਬੋਲਿਆ ਜਾਵੇ – ਡਿਪਟੀ ਕਮਿਸ਼ਨਰ ਫਾਜ਼ਿਲਕਾ

ਫਾਜ਼ਿਲਕਾ, 21 ਨਵੰਬਰ(ਸੁਰਿੰਦਰਜੀਤ ਸਿੰਘ) – ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਨਗਰ ਪਾਲਿਕਾ ਫਾਜ਼ਿਲਕਾ ਦਾ ਦੌਰਾ ਕਰਕੇ ਇੱਥੇ ਨਗਰ ਪਾਲਿਕਾ ਦੇ ਸਟਾਫ ਅਤੇ ਸ਼ਹਿਰ ਦੇ ਪਤਵੰਤਿਆਂ ਨਾਲ ਇਕ ਬੈਠਕ ਕਰਕੇ ਸ਼ਹਿਰ ਦੇ ਵਿਕਾਸ, ਸਫਾਈ ਵਿਵਸਥਾ ਅਤੇ ਡੇਂਗੂ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਚਰਚਾ ਕੀਤੀ। ਇਸ ਮੌਕੇ ਉਨਾਂ ਨੇ ਸਿਹਤ ਵਿਭਾਗ ਅਤੇ ਨਗਰ ਪਾਲਿਕਾ ਨੂੰ ਹਦਾਇਤ ਕੀਤੀ ਕਿ ਡੇਂਗੂ ਖਿਲਾਫ ਇਕ ਆਖਰੀ ਹੱਲਾ ਬੋਲ ਕੇ ਇਸ ਬਿਮਾਰੀ ਨੂੰ ਸ਼ਹਿਰ ਵਿਚੋਂ ਖਤਮ ਕੀਤਾ ਜਾਵੇ। ਉਨਾਂ ਨੇ ਇਸ ਲਈ ਸ਼ਹਿਰ ਵਿਚ ਮੱਛਰ ਮਾਰ ਦਵਾਈ ਦਾ ਛਿੜਕਾਅ ਕਰਨ ਦੇ ਨਾਲ ਨਾਲ ਜਨ ਜਾਗਰੂਕਤਾ ਗਤੀਵਿਧੀਆਂ ਵੀ ਹੋਰ ਤੇਜ ਕਰਨ ਦੀ ਹਦਾਇਤ ਕੀਤੀ। ਉਨਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਡੇਂਗੂ ਅਤੇ ਕੋਵਿਡ ਨੂੰ ਰੋਕਣ ਲਈ ਲੋਕ ਸਿਹਤ ਵਿਭਾਗ ਵੱਲੋਂ ਦਿੱਤੀਆਂ ਸਲਾਹਾਂ ਦਾ ਪਾਲਣ ਕਰਨ। ਉਨਾਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਕੋਵਿਡ ਤੋਂ ਪੱਖ ਤੋਂ ਬਹੁਤ ਹੀ ਸੰਵੇਦਨਸ਼ੀਲ ਹੈ। ਇਸ ਲਈ ਸਾਵਧਾਨੀਆਂ ਰੱਖਣ ਵਿਚ ਕੋਈ ਢਿੱਲ ਨਾ ਵਰਤੀ ਜਾਵੇ। ਉਨਾਂ ਨੇ ਲੋਕਾਂ ਨੂੰ ਮਾਸਕ ਪਾਉਣ, ਭੀੜਭਾੜ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਨਾਂ ਨੇ ਕਿਹਾ ਕਿ ਜਿਸ ਕਿਸੇ ਨੂੰ ਵੀ ਸੱਕ ਹੋਵੇ ਉਹ ਕਰੋਨਾ ਦਾ ਟੈਸਟ ਜਰੂਰ ਕਰਵਾਏ। ਸਰਕਾਰੀ ਹਸਪਤਾਲਾਂ ਵਿਚ ਇਹ ਟੈਸਟ ਬਿਲਕੁਲ ਮੁਫ਼ਤ ਹੁੰਦਾ ਹੈ। ਡਿਪਟੀ ਕਮਿਸ਼ਨਰ ਨੇ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਅਪੀਲ ਕੀਤੀ ਕਿ ਜਦ ਤੱਕ ਵੈਕਸੀਨ ਨਹੀਂ ਆ ਜਾਂਦੀ ਤਦ ਤੱਕ ‘ਮਾਸਕ ਹੀ ਵੈਕਸੀਨ ਹੈ’, ਮੰਤਰ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਐਸ.ਡੀ.ਐਮ. ਸ੍ਰੀ ਕੇਸਵ ਗੋਇਲ ਨੇ ਸ਼ਹਿਰ ਵਿਚ ਕੀਤੀਆਂ ਜਾ ਰਹੀਆਂ ਜਨ ਜਾਗਰੂਕਤਾ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ। ਕਾਰਜ ਸਾਧਕ ਅਫ਼ਸਰ ਸ੍ਰੀ ਰਜਨੀਸ਼ ਕੁਮਾਰ ਨੇ ਇਸ ਮੌਕੇ ਨਗਰ ਕੋਂਸਲ ਵੱਲੋਂ ਸਫਾਈ ਵਿਵਸਥਾ, ਫੋਗਿੰਗ, ਸੁੱਕੇ ਗਿੱਲੇ ਕੂੜੇ ਦੇ ਪ੍ਰਬੰਧਨ, ਕੂੜੇ ਤੋਂ ਤਿਆਰ ਕੀਤੀ ਜਾ ਰਹੀ ਖਾਦ ਆਦਿ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਦਿੱਤੀ। ਸਿਹਤ ਵਿਭਾਗ ਵੱਲੋਂ ਦੱਸਿਆ ਗਿਆ ਕਿ ਜੇਕਰ ਕਿਸੇ ਨੂੰ ਡੇਂਗੂ ਦਾ ਸ਼ੱਕ ਹੋਵੇ ਤਾਂ ਸਿਵਲ ਹਸਪਤਾਲ ਫਾਜ਼ਿਲਕਾ ਦੇ 21 ਨੰਬਰ ਕਮਰੇ ਵਿਚ ਬਣੀ ਲੈਬ ਤੋਂ ਮੁਫ਼ਤ ਟੈਸਟ ਕਰਵਾਇਆ ਜਾ ਸਕਦਾ ਹੈ। ਇਸ ਮੌਕੇ ਸ੍ਰੀ ਸੁਰਿੰਦਰ ਕਾਲੜਾ ਨੇ ਸ਼ਹਿਰ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ।

Listen Live

Subscription Radio Punjab Today

Our Facebook

Social Counter

  • 17398 posts
  • 0 comments
  • 0 fans

Log In